ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ /ਸ੍ਰੀ ਕੀਰਤਪੁਰ ਸਾਹਿਬ, 21 ਮਾਰਚ
ਖਾਲਸਾਹੀ ਜਾਹੋ ਜਲਾਲ ਦਾ ਪ੍ਰਤੀਕ ਛੇ ਰੋਜ਼ਾ ਕੌਮੀ ਤਿਓਹਾਰ ਹੋਲਾ-ਮਹੱਲਾ ਬੁੱਧਵਾਰ ਦੇਰ ਰਾਤ ਕਿਲ੍ਹਾ ਆਨੰਦਗੜ੍ਹ ਸਾਹਿਬ ਵਿਖੇ ਪੁਰਾਤਨ ਨਗਾਰਿਆਂ ਨਾਲ ਸ਼ੁਰੂ ਹੋਇਆ। ਹੋਲੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ। ਇਸ ਤੋਂ ਪਹਿਲਾਂ ਕਿਲਾ ਆਨੰਦਗੜ੍ਹ ਦੇ ਦੀਵਾਨ ਹਾਲ ਵਿੱਚ ਧਾਰਮਿਕ ਸਮਾਗਮ ਕਰਾਇਆ ਗਿਆ।
ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਮੌਕੇ ਬੁੱਧਵਾਰ ਸਵੇਰੇ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 23 ਮਾਰਚ ਨੂੰ ਪਾਏ ਜਾਣਗੇ ਜਿਸ ਨਾਲ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਹੋਵੇਗੀ ਜਿਸ ਉਪਰੰਤ ਹੋਲੇ ਮਹੱਲੇ ਦਾ ਦੂਜਾ ਅਤੇ ਅਹਿਮ ਪੜਾਅ ਸ੍ਰੀ ਆਨੰਦਪੁਰ ਸਾਹਿਬ ਵਿਖੇ 24 ਤੋਂ 26 ਮਾਰਚ ਤੱਕ ਹੋਵੇਗਾ। 24 ਤਰੀਕ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 26 ਮਾਰਚ ਨੂੰ ਪਾਏ ਜਾਣਗੇ। ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਲੌਕਿਕ ਮਹੱਲਾ ਸਜਾਇਆ ਜਾਵੇਗਾ।
ਹੋਲਾ ਮਹੱਲਾ ਓਲੰਪਿਕਸ ਵਿਰਾਸਤੀ ਖੇਡਾਂ ਸ਼ੁਰੂ
ਦੋ ਰੋਜ਼ਾ ਹੋਲਾ ਮਹੱਲਾ ਵਿਰਾਸਤੀ ਓਲੰਪਿਕਸ ਸ੍ਰੀ ਆਨੰਦਪੁਰ ਸਾਹਿਬ-2024 ਇੱਥੋਂ ਦੇ ਇਤਿਹਾਸਕ ਚਰਨ ਗੰਗਾ ਸਟੇਡੀਅਮ ਵਿਚ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਸ਼ੁਰੂ ਕਰਵਾਇਆ ਗਿਆ। ਇਸ ਸਮਾਗਮ ਵਿਚ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨੂੰ ਦਰਸਾਉਦੀਆਂ ਪ੍ਰਦਰਸ਼ਨੀਆਂ ਦੇ ਸਟਾਲ ਲਾਏ ਗਏ।ਇਸ ਮੌਕੇ ਨੌਜਵਾਨਾਂ ਦੇ ਦਸਤਾਰਬੰਦੀ ਮੁਕਾਬਲੇ ਵੀ ਕਰਵਾਏ ਗਏ। ਇਸ ਤੋਂ ਇਲਾਵਾ ਕਿੱਲਾ ਪੁੱਟਣਾ, ਗੱਤਕਾ, ਤੀਰਅੰਦਾਜ਼ੀ ਦੇ ਮੁਕਾਬਲੇ ਵੀ ਕਰਵਾਏ ਗਏ।
ਬੁੱਢਾ ਦਲ ਵੱਲੋਂ ਗਤਕਾ ਮੁਕਾਬਲੇ 24 ਅਤੇ 25 ਨੂੰ
ਨਿਹੰਗ ਸਿੰਘਾਂ ਦੇ ਸਿਰਮੌਰ ਜਥੇਬੰਦੀ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਨੇ ਹੋਲਾ ਮਹੱਲਾ ਦੀ ਆਰੰਭਤਾ ਦੀਆਂ ਸਮੂਹ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ 24 ਅਤੇ 25 ਮਾਰਚ ਨੂੰ ਛਾਉਣੀ ਨਿਹੰਗ ਸਿੰਘਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੁੱਢਾ ਦਲ ਵੱਲੋਂ ਅੰਤਰਰਾਸ਼ਟਰੀ ਗੱਤਕਾ ਮੁਕਾਬਲੇ ਕਰਵਾਏ ਜਾਣਗੇ। 26 ਮਾਰਚ ਨੂੰ ਬੁੱਢਾ ਦਲ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਖਾਲਸਾਈ ਪਰੰਪਰਾਵਾਂ ਅਨੁਸਾਰ ਨਿਹੰਗ ਸਿੰਘਾਂ ਵੱਲੋਂ ਅਲੌਕਿਕ ਮਹੱਲਾ ਸਜਾਇਆ ਜਾਵੇਗਾ।
ਟ੍ਰੈਫਿਕ ਲਈ ਬਦਲਵਾਂ ਰੂਟ ਜਾਰੀ
ਹੋਲਾ ਮਹੱਲਾ ਦੌਰਾਨ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪੁਲੀਸ ਨੇ ਰੂਪਨਗਰ ਤੇ ਊਨਾ, ਰੂਪਨਗਰ ਤੇ ਮਨਾਲੀ ਆਉਣ ਜਾਣ ਵਾਲੀ ਟ੍ਰੈਫਿਕ ਲਈ ਬਦਲਵਾਂ ਰੂਟ ਤਿਆਰ ਕੀਤਾ ਹੈ। ਰੂਪਨਗਰ ਤੋਂ ਊਨਾ ਹਿਮਾਚਲ ਪ੍ਰਦੇਸ਼ ਜਾਣ ਵਾਲੇ ਵਾਇਆ ਰੂਪਨਗਰ-ਨੂਰਪੁਰ ਬੇਦੀ ਰੋਡ- ਝੱਜ ਚੌਂਕ-ਕਲਮਾ ਮੋੜ-ਨੰਗਲ ਤੋਂ ਹੁੰਦੇ ਹੋਏ ਊਨਾ ਜਾਣਗੇ। ਰੂਪਨਗਰ- ਬੁੰਗਾ ਸਾਹਿਬ ਰੋਡ ਨੂਰਪੁਰਬੇਦੀ- ਝੱਜ ਚੌਂਕ- ਕਲਮਾ ਮੋੜ-ਨੰਗਲ ਤੋ ਊਨਾ ਜਾਣਗੇ। ਰੂਪਨਗਰ ਤੋਂ ਮਨਾਲੀ ਜਾਣ ਵਾਲੇ ਰੂਪਨਗਰ ਵਾਇਆ ਘਨੋਲੀ-ਨਾਲਾਗੜ੍ਹ-ਬਿਲਾਸਪੁਰ ਰਾਹੀਂ ਲੰਘਣਗੇ।