ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਗਸਤ
ਪਿੰਡ ਜਵਾਹਰਕੇ ਦੀ ਇੱਕ ਵਿਆਹੁਤਾ ਵੱਲੋਂ ਆਪਣੇ ਸਹੁਰਿਆਂ ਤੋਂ ਅੱਕ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਖ਼ੁਦਕੁਸ਼ੀ ਦੇ ਮੱਦੇਨਜ਼ਰ ਪੀੜਤ ਪਰਿਵਾਰ ਤੇ ਪਿੰਡ ਵਾਲਿਆਂ ਨੇ ਸਹੁਰਾ ਪਰਿਵਾਰ ’ਤੇ ਕੇਸ ਦਰਜ ਕਰਵਾਉਣ ਲਈ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਰਮਦਿੱਤੇਵਾਲਾ ਚੌਕ ’ਚ ਧਰਨਾ ਦੇ ਕੇ ਚੱਕਾ ਜਾਮ ਕੀਤਾ। ਇਸ ਦੌਰਾਨ ਧਰਨੇ ’ਤੇ ਪਹੁੰਚੇ ਡੀਐੱਸਪੀ ਸੰਜੀਵ ਗੋਇਲ ਨੇ ਧਰਨਾਕਾਰੀਆਂ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਅਤੇ ਜਾਮ ਖੁੱਲ੍ਹਵਾਇਆ।
ਮ੍ਰਿਤਕਾ ਦੇ ਭਰਾ ਤਰਸੇਮ ਸਿੰਘ ਵਾਸੀ ਜਵਾਹਰਕੇ ਨੇ ਦੱਸਿਆ ਕਿ ਉਸ ਦੀ ਭੈਣ ਰੁਪਿੰਦਰ ਕੌਰ ਦਾ ਵਿਆਹ ਸਾਲ 2015 ਵਿੱਚ ਜਸਪਾਲ ਸਿੰਘ ਵਾਸੀ ਪਿੰਡ ਗਾਗੋਵਾਲ ਨਾਲ ਹੋਇਆ ਸੀ, ਜਿਸ ਦੀ ਕੁੱਖੋਂ ਦੋ ਕੁੜੀਆਂ ਪੈਦਾ ਹੋਈਆਂ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਸਹੁਰਾ ਪਰਿਵਾਰ ਕੁੜੀਆਂ ਜੰਮਣ ਕਾਰਨ ਉਸ ਨੂੰ ਮਿਹਣੇ ਮਾਰਦਾ ਸੀ ਤੇ ਸੱਸ ਡਰਾਵੇ ਦਿੰਦੀ ਸੀ ਕਿ ਉਹ ਆਪਣੇ ਲੜਕੇ ਦਾ ਵਿਆਹ ਕਿਤੇ ਹੋਰ ਕਰ ਦੇਵੇਗੀ। ਮ੍ਰਿਤਕਾ ਦੇ ਭਰਾ ਨੇ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਦੇ ਮਿਹਣਿਆਂ ਤੋਂ ਤੰਗ ਆ ਕੇ ਉਸ ਦੀ ਭੈਣ ਨੇ ਕੋੋਈ ਜ਼ਹਿਰੀਲੀ ਚੀਜ਼ ਖਾ ਲਈ ਤੇ ਉਸ ਦੀ ਮੌਤ ਹੋ ਗਈ।
ਜਵਾਹਰਕੇ ਦੇ ਸਰਪੰਚ ਰਾਜਿੰਦਰ ਸਿੰਘ ਨੇ ਕਿਹਾ ਕਿ ਲੜਕੀ ਨੂੰ ਸਹੁਰਾ ਪਰਿਵਾਰ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਧਾਰਾਵਾਂ ਵਿੱਚ ਵਾਧਾ ਕਰ ਕੇ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਭਲਕੇ ਚੌਕ ਵਿੱਚ ਲਾਸ਼ ਰੱਖ ਕੇ ਪ੍ਰਦਰਸ਼ਨ ਕਰਨਗੇ।
ਮੁਲਜ਼ਮਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇਗਾ: ਡੀਐੱਸਪੀ
ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਜਸਪਾਲ ਸਿੰਘ ਅਤੇ ਉਸ ਦੀ ਸੱਸ ਤੇਜ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਮੁਲਜ਼ਮਾਂ ਛੇਤੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।