ਲੁਧਿਆਣਾ (ਗਗਨਦੀਪ ਅਰੋੜਾ): ਲੁਧਿਆਣਾ ਵਿੱਚ ਇਸ ਵਾਰ ਦਸਹਿਰੇ ਮੌਕੇ ਰਾਵਣ ਦੇ ਪੁਤਲੇ ਨੂੰ ਰਿਮੋਟ ਦਾ ਬਟਨ ਦਬਾ ਕੇ ਅੱਗ ਲਗਾਈ ਗਈ। ਲੁਧਿਆਣਾ ਦੇ ਸਭ ਤੋਂ ਪੁਰਾਣੇ ਦਰੇਸੀ ਮੈਦਾਨ ਵਿੱਚ ਰਾਮ ਲੀਲ੍ਹਾ ਕਮੇਟੀ ਵੱਲੋਂ ਇਸ ਵਾਰ ਸਭ ਤੋਂ ਉੱਚਾ 95 ਫੁੱਟ ਦਾ ਰਾਵਣ ਦਾ ਪੁਤਲਾ ਬਣਾਇਆ ਗਿਆ ਸੀ। ਜਿਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਪੁਲੀਸ ਤੇ ਪ੍ਰਸ਼ਾਸਨ ਨੇ ਇੱਥੇ ਸੁਰੱਖਿਆ ਦੇ ਪੂਰੇ ਪ੍ਰਬੰਧ ਵੀ ਕੀਤੇ ਹੋਏ ਸਨ। ਇਸ ਤੋਂ ਇਲਾਵਾ ਸਨਅਤੀ ਸ਼ਹਿਰ ਵਿੱਚ ਅੱਜ 23 ਹੋਰਨਾਂ ਥਾਵਾਂ ’ਤੇ ਵੀ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਫੂਕ ਕੇ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ। ਦੱਸ ਦਈਏ ਕਿ ਪਿਛਲੇ ਸਾਲ ਕਰੋਨਾ ਕਾਰਨ ਦਸਹਿਰੇ ਦਾ ਤਿਉਹਾਰ ਨਹੀਂ ਮਨਾਇਆ ਗਿਆ ਸੀ, ਇਸ ਵਾਰ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਮਨਜ਼ੂਰੀ ਮਗਰੋਂ ਵੱਖ ਵੱਖ ਥਾਵਾਂ ’ਤੇ ਰਾਮਲੀਲ੍ਹਾ ਕੀਤੀ ਗਈ ਤੇ ਪੁਤਲੇ ਫੂਕ ਕੇ ਵਿਜੈ ਦਸਮੀ ਮਨਾਈ ਗਈ। ਸ਼ਹਿਰ ਦੇ ਸਭ ਤੋਂ ਪੁਰਾਣੇ ਦਰੇਸੀ ਮੈਦਾਨ ਵਿੱਚ ਰਾਮ ਲੀਲ੍ਹਾ ਕਮੇਟੀ ਵੱਲੋਂ 15 ਦਿਨਾਂ ਤੋਂ ਦਸਹਿਰਾ ਮੇਲਾ ਚੱਲ ਰਿਹਾ ਹੈ। ਇੱਥੇ ਦੋ ਦਿਨ ਪਹਿਲਾਂ ਇੱਕ-ਇੱਕ ਕਰਕੇ ਪਹਿਲਾਂ ਕੁੰਭਕਰਨ ਤੇ ਫਿਰ ਮੇਘਨਾਦ ਦਾ ਪੁਤਲਾ ਫੁੂਕਿਆ ਗਿਆ ਸੀ ਤੇ ਅੱਜ ਰਾਵਣ ਦਾ 95 ਫੁੱਟ ਉੱਚਾ ਤਿਆਰ ਕੀਤਾ ਗਿਆ ਪੁਤਲਾ ਅੱਗ ਹਵਾਲੇ ਕੀਤਾ ਗਿਆ, ਜਿਸ ਨੂੰ ਵਿਧਾਇਕ ਸੁਰਿੰਦਰ ਡਾਵਰ, ਡੀਸੀ ਵਰਿੰਦਰ ਕੁਮਾਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ, ਮਹੰਤ ਨਾਰਾਇਣ ਪੁਰੀ ਨੇ ਰਿਮੋਟ ਦਾ ਬਟਨ ਦੱਬ ਕੇ ਅੱਗ ਲਗਾਈ। ਇਸ ਮੌਕੇ ਕਮੇਟੀ ਵੱਲੋਂ ਖਾਸ ਤੌਰ ’ਤੇ ਆਤਿਸ਼ਬਾਜ਼ੀ ਦਾ ਇੰਤਜ਼ਾਮ ਕੀਤਾ ਗਿਆ ਸੀ। ਸ਼ਹਿਰ ਵਿੱਚ 23 ਥਾਵਾਂ ’ਤੇ ਲੱਗੇ ਦਸਹਿਰਾ ਮੇਲਿਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦੋ ਹਜ਼ਾਰ ਪੁਲੀਸ ਮੁਲਾਜ਼ਮਾਂ ਦੇ ਹੱਥ ਵਿੱਚ ਸੀ। ਪੁਲੀਸ ਨੇ ਇਸ ਵਾਰ ਆਵਾਜਾਈ ਵਿੱਚ ਆਉਣ ਵਾਲੀਆਂ ਦਿੱਕਤਾਂ ਦੇ ਮੱਦੇਨਜ਼ਰ ਕਈ ਰਾਹਾਂ ’ਤੇ ਕਾਰਾਂ ਦੇ ਦਾਖਲੇ ’ਤੇ ਰੋਕ ਲਗਾਈ ਹੋਈ ਸੀ।