ਗਗਨਦੀਪ ਅਰੋੜਾ
ਲੁਧਿਆਣਾ, 1 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਚੋਤਰਫ਼ਾ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਯੂਥ ਕਾਂਗਰਸੀਆਂ ਨੇ ਭਾਜਪਾ ਦੇ ਦਫ਼ਤਰ ਅੰਦਰ ਵੜ ਕੇ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਟੰਗ ਦਿੱਤਾ। ਇੰਨਾ ਹੀ ਨਹੀਂ ਇਥੇ ਉਨ੍ਹਾਂ ਨੇ ਪੁਤਲੇ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਪਰ ਮੌਕੇ ’ਤੇ ਪੁੱਜੀ ਪੁਲੀਸ ਨੇ ਯੂਥ ਕਾਂਗਰਸੀਆਂ ਨੂੰ ਉਥੋਂ ਬਾਹਰ ਕੱਢਿਆ ਤੇ ਬਾਅਦ ਵਿੱਚ ਦਫ਼ਤਰ ਅੱਗੇ ਪੁਤਲਾ ਸਾੜਿਆ ਗਿਆ।
ਜਾਣਕਾਰੀ ਮੁਤਾਬਕ ਯੂਥ ਕਾਂਗਰਸੀ ਵਰਕਰ ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦਫ਼ਤਰ ਦੇ ਸਾਹਮਣੇ ਧਰਨਾ ਦੇਣ ਪੁੱਜੇ। ਉਹ ਆਪਣੇ ਨਾਲ ਨਰਿੰਦਰ ਮੋਦੀ ਦਾ ਪੁਤਲਾ ਵੀ ਲੈ ਕੇ ਆਏ ਸਨ। ਉਨ੍ਹਾਂ ਦਫ਼ਤਰ ਦੇ ਉਪਰ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਟੰਗ ਦਿੱਤਾ। ਦਫ਼ਤਰ ’ਚ ਮੌਜੂਦ ਕੁਝ ਭਾਜਪਾ ਆਗੂਆਂ ਦੇ ਨਾਲ ਝੜਪ ਵੀ ਹੋਈ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯੋਗੇਸ਼ ਹਾਂਡਾ ਤੇ ਹੋਰਨਾਂ ਵਰਕਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਭਾਜਪਾ ਦਫ਼ਤਰ ਦੇ ਉਪਰ ਟੰਗਿਆ ਤਾਂ ਕਿ ਭਾਜਪਾ ਤੱਕ ਲੋਕਾਂ ਦੀ ਆਵਾਜ਼ ਪੁੱਜ ਸਕੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਤਹਿਤ ਭਾਜਪਾਈ ਅੰਬਾਨੀ ਤੇ ਅਡਾਨੀ ਨੂੰ ਫਾਇਦਾ ਦੇ ਕੇ ਦੇਸ਼ ਦੇ ਕਿਸਾਨਾਂ ਦਾ ਬੁਰਾ ਹਾਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਨਹੀਂ ਬਲਕਿ ਉਨ੍ਹਾਂ ਲਈ ਮੌਤ ਦਾ ਵਾਰੰਟ ਹੈ। ਉਧਰ, ਕਾਂਗਰਸੀਆਂ ਦੇ ਇਸ ਪ੍ਰਦਰਸ਼ਨ ਮਗਰੋਂ ਭਾਜਪਾ ਆਗੂਆਂ ਨੇ ਅੱਜ ਪੱਤਰਕਾਰ ਮਿਲਣੀ ਕੀਤੀ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਤੇ ਸੂਬਾ ਭਾਜਪਾ ਦੇ ਉਪ ਪ੍ਰਧਾਨ ਪ੍ਰਵੀਨ ਬਾਂਸਲ ਨੇ ਦੋਸ਼ ਲਗਾਏ ਕਿ ਯੂਥ ਕਾਂਗਰਸੀ ਇੱਕ ਸਾਜਿਸ਼ ਤਹਿਤ ਭਾਜਪਾ ਦਫ਼ਤਰ ਨੂੰ ਅੱਗ ਲਾਉਣੀ ਚਾਹੁੰਦੇ ਹਨ।
ਭਾਜਪਾ ਨੇਤਾ ਜੀਵਨ ਗੁਪਤਾ ਨੇ ਦੱਸਿਆ ਕਿ ਭਾਜਪਾ ਜ਼ਿਲ੍ਹਾ ਦਫ਼ਤਰ ਇਮਾਰਤ ਦੀ ਦੂਸਰੀ ਮੰਜ਼ਿਲ ’ਤੇ ਹੈ। ਅੱਜ ਕੁਝ ਕਾਂਗਰਸੀ ਆਗੂ ਖੇਤੀ ਕਾਨੂੰਨ ਖ਼ਿਲਾਫ਼ ਧਰਨਾ ਦੇਣ ਲਈ ਪੁੱਜੇ ਸਨ। ਉਸ ਸਮੇਂ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ। ਕੁਝ ਕਾਂਗਰਸੀ ਆਗੂ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਣ ਲਈ ਪੌੜੀਆਂ ਚੜ੍ਹ ਕੇ ਦਫ਼ਤਰ ਤੱਕ ਪੁੱਜ ਗਏ। ਇਸ ਤੋਂ ਸਾਫ਼ ਹੈ ਕਿ ਉਹ ਇੱਕ ਸਾਜਿਸ਼ ਤਹਿਤ ਭਾਜਪਾ ਦਫ਼ਤਰ ਨੂੰ ਸਾੜਨ ਦੀ ਨੀਅਤ ਨਾਲ ਆਏ ਸਨ। ਉਨ੍ਹਾਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ।