ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਸਤੰਬਰ
ਥਾਣਾ ਬਾਘਾਪੁਰਾਣਾ ਅਧੀਨ ਪਿੰਡ ਘੋਲੀਆ ਕਲਾਂ ਵਿੱਚ ਸ਼ਰਾਬੀ ਪੁੱਤ ਨੇ ਮਾਂ ਦੀ ਜਾਨ ਲੈ ਲਈ। ਪੁਲੀਸ ਨੇ ਪਿਤਾ ਦੀ ਸ਼ਿਕਾਇਤ ਉੱਤੇ ਪੁੱਤ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਬਾਘਾਪੁਰਾਣਾ ਮੁਖੀ ਹਰਮਨਜੀਤ ਸਿੰਘ ਨੇ ਦੱਸਿਆ ਕਿ ਸਾਬਕਾ ਫ਼ੌਜੀ ਬੇਅੰਤ ਸਿੰਘ ਨੇ ਪੁਲੀਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਲੜਕਾ ਜਗਮੀਤ ਸਿੰਘ ਆਪਣੀ ਪਤਨੀ ਪਰਮਜੀਤ ਕੌਰ ਦੀ ਕੁੱਟਮਾਰ ਕਰ ਰਿਹਾ ਸੀ। ਉਹ ਆਪਣੀ ਨੂੰਹ ਨੂੰ ਛੁਡਵਾ ਕੇ ਆਪਣੇ ਗੁਆਂਢੀ ਨੇੜੇ ਚਮਕੌਰ ਸਿੰਘ ਘਰ ਛੱਡਣ ਚਲਾ ਗਿਆ। ਉਹ ਜਦ ਆਪਣੇ ਘਰ ਵਾਪਸ ਆਇਆ ਤਾਂ ਉਸ ਦਾ ਪੁੱਤ ਉਸ ਦੀ ਪਤਨੀ ਗੁਰਮੀਤ ਕੌਰ ਨੂੰ ਵਾਲਾਂ ਤੋਂ ਫੜ ਕੇ ਵਿਹੜੇ ਵਿੱਚ ਘੜੀਸ ਰਿਹਾ ਸੀ ਅਤੇ ਕੁੱਟ ਰਿਹਾ ਸੀ। ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਪਤਨੀ ਨੂੰ ਛੁੱਡਾ ਕੇ ਮੋਗਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ। ਉਥੇ ਹਾਲਤ ਗੰਭੀਰ ਹੋਣ ਕਾਰਨ ਡਾਕਟਰ ਨੇ ਫ਼ਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ। ਫਰੀਦਕੋਟ ਜਾਂਦੇ ਉਸ ਦੀ ਪਤਨੀ ਗੁਰਮੀਤ ਕੌਰ ਦੀ ਰਸਤੇ ਵਿੱਚ ਮੌਤ ਹੋ ਗਈ। ਪੁਲੀਸ ਮੁਤਾਬਕ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ ਅਤੇ ਆਪਣੀ ਨਾਲ ਸ਼ਰਾਬ ਦੇ ਨਸ਼ੇ ’ਚ ਲੜਾਈ ਝਗੜਾ ਕਰਦਾ ਹੈ।