ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜੁਲਾਈ
ਪੰਜਾਬ ’ਚ ਮੀਂਹ ਦੀ ਤਬਾਹੀ ਨੇ ਸਮੁੱਚਾ ਅਰਥਚਾਰਾ ਝੰਬ ਦਿੱਤਾ ਹੈ। ਕਿਸਾਨਾਂ ਤੇ ਮਜ਼ਦੂਰਾਂ ਲਈ ਇਹ ਵੱਡੀ ਸੱਟ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿਚ ਹੁਣ ਤੱਕ ਕਰੀਬ ਪੰਜ ਲੱਖ ਏਕੜ ਰਕਬਾ ਪਾਣੀ ਵਿਚ ਡੁੱਬ ਗਿਆ ਹੈ। ਖੇਤੀ ਮਹਿਕਮੇ ਵੱਲੋਂ ਪਾਣੀ ਨੂੰ ਮੋੜਾ ਪੈਣ ਮਗਰੋਂ ਹੀ ਪ੍ਰਭਾਵਿਤ ਰਕਬੇ ਦਾ ਅਨੁਮਾਨ ਲਾਇਆ ਜਾਵੇਗਾ। ਰੋਪੜ, ਮੁਹਾਲੀ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਤਰਨ ਤਾਰਨ, ਗੁਰਦਾਸਪੁਰ, ਨਵਾਂ ਸ਼ਹਿਰ ਜ਼ਿਲ੍ਹੇ ਵਿਚ ਸਭ ਤੋਂ ਵੱਧ ਫ਼ਸਲੀ ਰਕਬਾ ਮੀਂਹ ਦੀ ਚਪੇਟ ਵਿਚ ਆਇਆ ਹੈ। ਹੁਸ਼ਿਆਰਪੁਰ ਅਤੇ ਰੋਪੜ ਵਿਚ ਸਾਉਣੀ ਦੀ ਮੱਕੀ ਦੀ ਫ਼ਸਲ ਮਾਰ ਹੇਠ ਆਈ ਹੈ।
ਸਮੁੱਚੇ ਪੰਜਾਬ ਵਿਚ ਕਰੀਬ 23 ਲੱਖ ਹੈਕਟੇਅਰ ਰਕਬੇ ਵਿਚ ਹੁਣ ਤੱਕ ਝੋਨੇ ਦੀ ਲੁਆਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦੋਂ ਕਿ ਸੱਤ ਲੱਖ ਹੈਕਟੇਅਰ ਰਕਬੇ ਵਿਚ ਲੁਆਈ ਦਾ ਕੰਮ ਬਾਕੀ ਹੈ। ਮੁਹਾਲੀ ਅਤੇ ਰੋਪੜ ਵਿਚ ਸਬਜ਼ੀਆਂ ਹੇਠਲਾ ਰਕਬਾ ਮਾਰ ਵਿਚ ਆਇਆ ਹੈ। ਖੇਤੀ ਮਹਿਕਮੇ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਆਖਦੇ ਹਨ ਕਿ ਪੰਜ ਕੁ ਜ਼ਿਲ੍ਹਿਆਂ ’ਚੋਂ ਮੀਂਹ ਤੋਂ ਪ੍ਰਭਾਵਿਤ ਰਕਬੇ ਦੀ ਰਿਪੋਰਟ ਪ੍ਰਾਪਤ ਹੋਈ ਹੈ, ਜੋ ਕਿ 22 ਹਜ਼ਾਰ ਹੈਕਟੇਅਰ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਰੋਪੜ ਜ਼ਿਲ੍ਹੇ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੀਂਹ ਘਟਣ ਮਗਰੋਂ ਹੀ ਸਹੀ ਅੰਦਾਜ਼ਾ ਲੱਗ ਸਕੇਗਾ।
ਨਰਮਾ ਪੱਟੀ ਵਿਚ ਮੀਂਹ ਦੀ ਕੋਈ ਬਹੁਤੀ ਮਾਰ ਨਹੀਂ ਪਈ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਕਿਸਾਨਾਂ ਦੇ ਲਾਗਤ ਖ਼ਰਚੇ ਵਧਣਗੇ ਅਤੇ ਮਜ਼ਦੂਰ ਤਬਕੇ ਦੀ ਜ਼ਿੰਦਗੀ ਵੀ ਲੀਹੋਂ ਲਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਗਿਰਦਾਵਰੀ ਕਰਾ ਕੇ ਫ਼ੌਰੀ ਮੁਆਵਜ਼ਾ ਜਾਰੀ ਕਰੇ। ਕਿਸਾਨ ਆਗੂ ਇਹ ਵੀ ਮੰਗ ਕਰ ਰਹੇ ਹਨ ਕਿ ਮੀਂਹ ਪ੍ਰਭਾਵਿਤ ਇਲਾਕਿਆਂ ਵਿਚ ਬੈਂਕਾਂ ਦੀਆਂ ਕਿਸ਼ਤਾਂ ਆਦਿ ਨੂੰ ਮੁਲਤਵੀ ਕੀਤਾ ਜਾਵੇ।
ਪਾਵਰਕੌਮ ਨੂੰ ਇਨ੍ਹਾਂ ਮੀਹਾਂ ਕਾਰਨ ਵੱਡੀ ਸੱਟ ਵੱਜੀ ਹੈ। ਪਾਵਰਕੌਮ ਦੇ ਦਰਜਨਾਂ ਬਿਜਲੀ ਗਰਿੱਡ ਪਾਣੀ ਦੀ ਮਾਰ ਹੇਠ ਆਏ ਹਨ, ਜਿਸ ਕਰ ਕੇ ਸੈਂਕੜੇ ਪਿੰਡਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਪੰਜਾਬ ਸਰਕਾਰ ਨੇ ਰਾਹਤ ਕਾਰਜਾਂ ਲਈ ਕਰੀਬ 33.50 ਕਰੋੜ ਰੁਪਏ ਜਾਰੀ ਕੀਤੇ ਹਨ। ਮੀਂਹ ਦੀ ਵੱਡੀ ਮਾਰ ਅੱਗੇ ਇਹ ਰਾਸ਼ੀ ਮਾਮੂਲੀ ਜਾਪਦੀ ਹੈ।
ਅਧਿਕਾਰੀਆਂ ਨੇ ਘੱਗਰ ਨੇੜਲੇ ਖੇਤਰਾਂ ਦਾ ਜਾਇਜ਼ਾ ਲਿਆ
ਪਟਿਆਲਾ (ਖੇਤਰੀ ਪ੍ਰਤੀਨਿਧ): ਕਈ ਖੇਤਰਾਂ ’ਚ ਤਬਾਹੀ ਦਾ ਕਾਰਨ ਬਣਦੇ ਘੱਗਰ ਦਰਿਆ ਵਿਚ ਪਏ ਪਾੜਾਂ ਅਤੇ ਪਾਣੀ ਦੇ ਉਛਲਣ ਕਾਰਨ ਗੰਭੀਰ ਹਾਲਾਤ ਦੇ ਮੱੱਦੇਨਜ਼ਰ ਅੱਜ ਸਰਕਾਰੀ ਅਧਿਕਾਰੀਆਂ ਨੇ ਜ਼ਮੀਨੀ ਪੱਧਰ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਘੱਗਰ ਦਾ ਕਾਫ਼ੀ ਹਿੱਸਾ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਘਨੌਰ, ਸਨੌਰ, ਸਮਾਣਾ ਅਤੇ ਪਾਤੜਾਂ ਖੇਤਰਾਂ ਵਿਚੋਂ ਦੀ ਵੀ ਲੰਘਦਾ ਹੈ, ਜਿਸ ਨੇ ਇਨ੍ਹੀ ਦਿਨੀਂ ਇਨ੍ਹਾਂ ਖੇਤਰਾਂ ਵਿਚ ਤਬਾਹੀ ਮਚਾਈ ਹੋਈ ਹੈ। ਇਸੇ ਦੌਰਾਨ ਪੀਡਬਲਯੂਆਰਐੱਮਡੀਸੀ ਦੇ ਐਕਸੀਅਨ ਨਵਜੋਤ ਸਿੰਘ ਨੇ ਅਫਸਰ ਬ੍ਰਿਜੇਸ਼ ਕੁਮਾਰ ਅਗਰਵਾਲ ਐੱਸ.ਡੀ.ਈ., ਗੁਰਿੰਦਰ ਜੇਈ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪਟਿਆਲਾ ਸਮੇਤ ਹੋਰਨਾਂ ਖੇਤਰਾਂ ’ਚ ਜਾ ਕੇ ਵੀ ਸਥਿਤੀ ਦੇਖੀ। ਉਨ੍ਹਾਂ ਦਾ ਕਹਿਣਾ ਸੀ ਕਿ ਘੱਗਰ ਦਰਿਆ ਦਾ ਪਾਣੀ ਘਟਣ ਤੋਂ ਬਾਅਦ ਠੇਕੇਦਾਰ ਵੱਲੋਂ ਬਰੇਕ ਪੁਆਇੰਟਾਂ ਨੂੰ ਪੁੱਟਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।