ਜਗਮੋਹਨ ਸਿੰਘ
ਰੂਪਨਗਰ/ਘਨੌਲੀ, 9 ਜੁਲਾਈ
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਉਪਰੰਤ ਜਦੋਂ ਸਿਰਸਾ ਨਦੀ ਅਤੇ ਸਤਲੁਜ ਦਰਿਆ ਦਾ ਪਾਣੀ ਲੋਕਾਂ ਦਾ ਘਰਾਂ ਵਿੱਚ ਵੜਨ ਦਾ ਖ਼ਤਰਾ ਪੈਦਾ ਹੋਇਆ ਤਾਂ ਵਰ੍ਹਦੇ ਹੋਏ ਮੀਂਹ ਵਿੱਚ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਸਮੇਤ ਹੜ੍ਹਾਂ ਦੇ ਖ਼ਤਰੇ ਵਾਲੀਆਂ ਸੰਭਾਵਿਤ ਥਾਵਾਂ ਦੇ ਦੌਰੇ ’ਤੇ ਨਿਕਲੀ ਡੀਸੀ ਡਾ. ਪ੍ਰੀਤੀ ਯਾਦਵ ਨੇ ਨਿਰਦੇਸ਼ ਜਾਰੀ ਕਰ ਕੇ ਰੂਪਨਗਰ ਹੈੱਡ ਵਰਕਸ ਤੋਂ ਸਤਲੁਜ ਦਰਿਆ ਦੇ ਚਾਰ ਗੇਟ ਖੁਲ੍ਹਵਾ ਦਿੱਤੇ, ਜਿਸ ਨਾਲ ਰਣਜੀਤਪੁਰਾ, ਆਸਪੁਰ, ਕੋਟਬਾਲਾ, ਮਾਜਰੀ ਆਦਿ ਕਈ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਘਟ ਗਿਆ। ਪਿੰਡ ਰਣਜੀਤਪੁਰਾ ਨਿਵਾਸੀ ਜਰਨੈਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਸਤਲੁਜ ਦਰਿਆ ਅਤੇ ਸਿਰਸਾ ਨਦੀ ਦਾ ਪਾਣੀ ਹਾਲੇ ਉਨ੍ਹਾਂ ਦੇ ਪਿੰਡ ਦੀਆਂ ਗਲੀਆਂ ਵਿੱਚ ਦਾਖ਼ਲ ਹੀ ਹੋਇਆ ਸੀ, ਜਿਸ ਦੌਰਾਨ ਡੀਸੀ ਰੂਪਨਗਰ ਨੇ ਫੌਰੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਪਿੰਡ ਨੂੰ ਹੜ੍ਹਨ ਤੋਂ ਬਚਾਅ ਲਿਆ।
ਡੀਸੀ ਨੇ ਸਤਲੁਜ ਦਰਿਆ ਨੇੜੇ ਝੁੱਗੀਆਂ ਬਣਾ ਕੇ ਰਹਿ ਪਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੇ ਪ੍ਰਬੰਧ ਕੀਤੇ ਤੇ ਉਨ੍ਹਾਂ ਲਈ ਗੁਰਦੁਆਰਾ ਸ੍ਰੀ ਹੈੱਡ ਦਰਬਾਰ ਕੋਟ ਪੁਰਾਣ (ਟਿੱਬੀ ਸਾਹਿਬ) ਤੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਨਾਲ ਤਾਲਮੇਲ ਕਰ ਕੇ ਲੰਗਰ ਸੇਵਾ ਵੀ ਸ਼ੁਰੂ ਕਰਵਾਈ।