ਤੇਜਸ਼ਦੀਪ ਸਿੰਘ ਅਜਨੌਦਾ
ਮੈਲਬਰਨ, 6 ਦਸੰਬਰ
ਇੱਥੋਂ ਦੇ ਦੱਖਣੀ ਖੇਤਰ ਸਪਰਿੰਗਵੇਲ ‘ਚ ਹਿਪ ਹੌਪ ਪ੍ਰੋਡਕਸ਼ਨ ਵੱਲੋਂ ਪੰਜਾਬੀ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਸੰਗੀਤ ਤੇ ਰੰਗ ਮੰਚ ਦੀਆਂ ਵੱਖ ਵੱਖ ਵੰਨਗੀਆਂ ਨੇ ਸਰੋਤਿਆਂ ਦਾ ਮਨੋਰੰਜਨ ਕੀਤਾ। ਪੰਜਾਬੀ ਗਾਇਕ ਹਰਭਜਨ ਸ਼ੇਰਾ, ਗਾਇਕ ਸਾਰਥੀ. ਕੇ , ਅਤੇ ਲੋਕ ਗਾਇਕਾ ਐਸ. ਕੌਰ ਨੇ ਆਪਣੇ ਗੀਤਾਂ ਰਾਹੀਂ ਰੰਗ ਬੰਨ੍ਹਿਆ। ਇਸ ਮੌਕੇ ਹਰਭਜਨ ਸ਼ੇਰਾ ਦੀ ਲੰਮੇ ਸਮੇਂ ਬਾਅਦ ਅਖਾੜਾ ਗਾਇਕੀ ’ਚ ਵਾਪਸੀ ਨੂੰ ਸਰੋਤਿਆਂ ਨੇ ਖੂਬ ਮਾਣਿਆ। ਇਸ ਤੋਂ ਇਲਾਵਾ ਅਸ਼ਕੇ ਭੰਗੜਾ ਅਕਾਦਮੀ ਅਤੇ ਭੰਗੜਾ ਨੇਸ਼ਨ ਦੀਆਂ ਟੀਮਾਂ ਵੱਲੋਂ ਲੋਕ ਨਾਚ ਦੇ ਵੱਖ ਵੱਖ ਰੰਗਾਂ ਦੀ ਪੇਸ਼ਕਾਰੀ ਕੀਤੀ ਗਈ। ਸਥਾਨਕ ਕਲਾਕਾਰਾਂ ਦੀਆਂ ਸਭਿਆਚਾਰਕ ਪੇਸ਼ਕਾਰੀ ਤੋਂ ਇਲਾਵਾ ਬੋਲੀਆਂ ਦੇ ਸੈਸ਼ਨ ਨੇ ਪ੍ਰੋਗਰਾਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਪ੍ਰੋਗਰਾਮ ਦੇ ਪ੍ਰਬੰਧਕ ਮਨਿੰਦਰ ਬਰਾੜ ਨੇ ਪੱਛਮ ਦੇ ਸਭਿਆਚਾਰਕ ਵਾ-ਵਰੋਲ਼ਿਆਂ ’ਚ ਪੰਜਾਬੀਅਤ ਦੇ ਰੰਗਾਂ ਦਾ ਦੀਵਾ ਬਾਲ਼ੀ ਰੱਖਣ ਲਈ ਸਰੋਤਿਆਂ ਅਤੇ ਸਹਿਯੋਗੀਆਂ ਦੀ ਪ੍ਰਸ਼ੰਸਾ ਕੀਤੀ। ਜਿਨ੍ਹਾਂ ਕਰਕੇ ਇਹ ਸਮਾਗਮ ਸੰਭਵ ਬਣਦੇ ਹਨ, ਇਸ ਸਮੇਂ ਕਮਲਜੀਤ ਸਿੰਘ , ਬਿੱਕਰ ਬਾਈ ਫੂਲ, ਜਗਜੀਤ ਸਿੰਘ , ਹਰਮਨ ਗਿੱਲ ਹਰਪ੍ਰੀਤ ਬਰਾੜ ਤੇ ਗੁਰਬੰਸ ਭੰਗੂ ਦੀ ਟੀਮ ਵੱਲੋਂ ਪੰਜਾਬੀ ਭਾਈਚਾਰੇ ਦਾ ਇਹ ਧੰਨਵਾਦ ਕੀਤਾ ਗਿਆ।