ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੁਲਾਈ
ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਦੋਸ਼ ਲਾਇਆ ਕਿ ਸ਼ਹੀਦ ਦੇ ਜਨਮ ਸਥਾਨ ਵਾਲੀ ਯਾਦਗਾਰ ਨੂੰ ਸਿੱਧਾ ਰਾਹ ਦਿਵਾਉਣ ਸਬੰਧੀ ਅਧਿਕਾਰੀਆਂ ਵੱਲੋਂ ਅਧੂਰੀ ਰਿਪੋਰਟ ਜਮ੍ਹਾਂ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨੌਘਰਾ ਮੁਹੱਲਾ ਸਥਿਤ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਨੂੰ ਕੋਈ ਸਿੱਧਾ ਰਾਹ ਨਾ ਹੋਣ ਕਰਕੇ ਟਰੱਸਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਸਬੰਧੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਸੌਂਪੀ ਗਏ ਅਧੂਰੇ ਪੱਤਰ ਦੀ ਕਾਪੀ ਦਿਖਾਉਂਦਿਆਂ ਸ੍ਰੀ ਥਾਪਰ ਨੇ ਕਿਹਾ ਕਿ ਸ਼ਹੀਦ ਦੇ ਜਨਮ ਅਸਥਾਨ ਨੂੰ ਸਿੱਧਾ ਰਾਹ ਦਿਵਾਉਣ ਪ੍ਰਤੀ ਨਿਗਮ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿੱਚ ਨਾ ਸ਼ਹੀਦ ਦੇ ਘਰ ਤੱਕ ਆਉਣ ਵਾਲੇ ਰਾਹ ਦੀ ਕੋਈ ਤਸਵੀਰ ਲਾਈ ਗਈ ਹੈ, ਨਾ ਉਸਾਰੀ ’ਤੇ ਆਉਣ ਵਾਲੇ ਖਰਚ ਬਾਰੇ ਦੱਸਿਆ ਗਿਆ ਹੈ, ਨਾ ਕੋਈ ਨਕਸ਼ਾ ਤੇ ਨਾ ਹੀ ਇਵੈਲਿਊਏਸ਼ਨ ਰਿਪੋਰਟ ਨੱਥੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸਿੱਧਾ ਰਾਹ ਦੇਣ ਲਈ ਵਿੱਚ ਆਉਂਦੀ ਜ਼ਮੀਨ ਦੇ ਮਾਲਕ ਦਾ ਨਾਮ ਤੱਕ ਇਸ ਰਿਪੋਰਟ ਵਿੱਚ ਦਰਜ ਨਹੀਂ ਕੀਤਾ ਗਿਆ। ਜਦਕਿ ਐੱਸਡੀਐੱਮ ਵੱਲੋਂ ਬੀਐਂਡਅਰ ਵਿਭਾਗ ਦੇ ਕਲਰਕ ਨੂੰ ਉਕਤ ਰਿਪੋਰਟ ਨਾਲ ਹੀ ਅਸੈਸਮੈਂਟ ਰਿਪੋਰਟ ਵੀ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ ਦੇ ਕੇ ਸ਼ਹੀਦ ਦੇ ਜੱਦੀ ਘਰ ਨੂੰ ਸਿੱਧਾ ਰਾਹ ਦਿਵਾਉਣ ਦਾ ਪ੍ਰਬੰਧ ਕਰਨ।