ਰਾਜ ਸਭਾ ਮੈਂਬਰ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਰਿਹਾਇਸ਼ ’ਤੇ ਹੋਈ ਦੂਜੀ ਮੀਟਿੰਗ
ਚਰਨਜੀਤ ਭੁੱਲਰ
ਚੰਡੀਗੜ੍ਹ, 19 ਜੁਲਾਈ
‘ਆਪ’ ਸਰਕਾਰ ’ਚ ਹੁਣ ‘ਸਭ ਅੱਛਾ’ ਹੈ। ਇਹ ਸੁਨੇਹਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਰਮਿਆਨ ਹੋਈ ਦੂਜੀ ਮੀਟਿੰਗ ਵਿਚ ਮਿਲਿਆ ਹੈ ਜਿਹੜੀ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਰਿਹਾਇਸ਼ ’ਤੇ ਹੋਈ। ਪਹਿਲੀ ਮੀਟਿੰਗ ਪੰਜਾਬ ਵਿਧਾਨ ਸਭਾ ਕੰਪਲੈਕਸ ਵਿਚ ਹੋਈ ਸੀ ਜੋ ਭਗਵੰਤ ਮਾਨ ਅਤੇ ਕੁਲਤਾਰ ਸੰਧਵਾਂ ’ਚ ਚੱਲ ਰਹੀ ਸਿਆਸੀ ਅਣਬਣ ਸਬੰਧੀ ਸੀ।
ਅੱਜ ਦੀ ਮੀਟਿੰਗ ਵਿਚ ਭਗਵੰਤ ਮਾਨ ਤੇ ਕੁਲਤਾਰ ਸੰਧਵਾਂ ਨੇ ਸੰਕੇਤ ਦਿੱਤਾ ਹੈ ਕਿ ਪਾਰਟੀ ਵਿਚ ਹੁਣ ਸਭ ਅੱਛਾ ਹੈ। ਆਮ ਆਦਮੀ ਪਾਰਟੀ ਦੀ ਕੌਮੀ ਲੀਡਰਸ਼ਿਪ ਇਸ ਵੇਲੇ ਸੰਕਟ ਵਿਚ ਹੈ ਅਤੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਜੇਲ੍ਹ ਵਿਚ ਹਨ। ਸੂਤਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਨੇ ਅੱਜ ਨਿੱਘ ਦਿਖਾਈ ਅਤੇ ਮਾਹੌਲ ਨੂੰ ਸੁਖਾਵਾਂ ਬਣਾਉਣ ਵਿਚ ਮਦਦ ਕੀਤੀ। ਕਾਫ਼ੀ ਲੰਮੇ ਅਰਸੇ ਮਗਰੋਂ ਕੁਲਤਾਰ ਸਿੰਘ ਸੰਧਵਾਂ ਮੁੱਖ ਮੰਤਰੀ ਰਿਹਾਇਸ਼ ’ਤੇ ਗਏ। ਚੇਤੇ ਰਹੇ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੀ ਹਾਰ ਮਗਰੋਂ ਵਿਰੋਧੀ ਧਿਰਾਂ ਨੇ ਇਸ ਗੱਲ ਨੂੰ ਹਵਾ ਦਿੱਤੀ ਸੀ ਕਿ ਕੁਲਤਾਰ ਸਿੰਘ ਸੰਧਵਾਂ ਆਪਣੇ ਧੜੇ ਨਾਲ ਦਿੱਲੀ ਵਿਚ ਆਪਣੀ ਸਿਆਸੀ ਤਰੱਕੀ ਲਈ ਹੰਭਲਾ ਮਾਰ ਰਹੇ ਹਨ। ਪਤਾ ਲੱਗਾ ਹੈ ਕਿ ਸੰਜੇ ਸਿੰਘ ਇਨ੍ਹਾਂ ਪ੍ਰਸਥਿਤੀਆਂ ਵਿਚ ਪਾਰਟੀ ਦੇ ਆਗੂਆਂ ਵਿਚਲੀਆਂ ਦੂਰੀਆਂ ਨੂੰ ਖ਼ਤਮ ਕਰਨ ਵਿਚ ਜੁਟੇ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਦੋਵੇਂ ਧਿਰਾਂ ਨੇ ਸਾਰੇ ਗਿਲੇ-ਸ਼ਿਕਵੇ ਅੱਜ ਦੂਰ ਕੀਤੇ ਅਤੇ ਮੁੱਦਿਆਂ ਨੂੰ ਨਜਿੱਠ ਲਿਆ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪਾਰਟੀ ਅੰਦਰ ਕੋਈ ਮਤਭੇਦ ਨਹੀਂ ਹਨ।
ਮੁੱਖ ਮੰਤਰੀ ਵੱਲੋਂ ਵਿਧਾਇਕਾਂ ਨਾਲ ਮਿਲਣੀ
ਮੁੱਖ ਮੰਤਰੀ ਵੱਲੋਂ ਰੋਜ਼ਾਨਾ ਹੁਣ ਵਿਧਾਇਕਾਂ ਅਤੇ ਵਜ਼ੀਰਾਂ ਨਾਲ ਮਿਲਣੀ ਕੀਤੀ ਜਾ ਰਹੀ ਹੈ। ਵਿਧਾਇਕ ਨਿੱਤ ਦਿਨ ਮੁੱਖ ਮੰਤਰੀ ਨਾਲ ਆਪੋ ਆਪਣੇ ਹਲਕਿਆਂ ਦੇ ਮੁੱਦਿਆਂ ’ਤੇ ਵਿਚਾਰ ਚਰਚਾ ਕਰਨ ਲਈ ਆ ਰਹੇ ਹਨ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਨਾਲ ਮੀਟਿੰਗ ਮਗਰੋਂ ਦੱਸਿਆ ਕਿ ਮੁੱਖ ਮੰਤਰੀ ਨਾਲ ਆਗਾਮੀ ਜ਼ਿਮਨੀ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਵਿਚਾਰ ਚਰਚਾ ਹੋਈ ਹੈ। ਦੋ ਦਿਨਾਂ ਵਿਚ ਦਰਜਨਾਂ ਵਿਧਾਇਕ ਮੁੱਖ ਮੰਤਰੀ ਨੂੰ ਰਿਹਾਇਸ਼ ’ਤੇ ਮਿਲੇ ਹਨ।