ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਅਕਤੂਬਰ
ਮੁੱਖ ਅੰਸ਼
- ਪਰਾਲੀ ਸਾੜਨ ਦੇ ਵਰਤਾਰੇ ਨੂੰ ਰੋਕਣ ਵਿਚ ਸਹਾਈ ਹੋਵੇਗਾ ਪਲਾਂਟ
-
ਝੋਨੇ ਦੀ ਪਰਾਲੀ ਤੋਂ ਬਣੇਗੀ ਸੀਬੀਜੀ ਤੇ ਖਾਦ
ਪੰਜਾਬ ਦੇ ਲਹਿਰਾਗਾਗਾ ’ਚ ਭਲਕ ਤੋਂ ਦੇਸ਼ ਦਾ ਸਭ ਤੋਂ ਵੱਡਾ ਬਾਇਓ-ਊਰਜਾ ਪਲਾਂਟ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਹ ਪਲਾਂਟ ਜਰਮਨੀ ਦੀ ਵਰਬੀਓ ਏਜੀ ਕੰਪਨੀ ਦੀ ਭਾਰਤੀ ਇਕਾਈ ਵੱਲੋਂ 220 ਕਰੋੜ ਰੁਪਏ ਦੇ ਨਿਵੇਸ਼ ਨਾਲ ਲਾਇਆ ਜਾ ਰਿਹਾ ਹੈ। ਇਹ ਫ਼ਸਲੀ ਰਹਿੰਦ-ਖੂੰਹਦ (ਪਰਾਲੀ) ਨੂੰ ਵਰਤ ਕੇ ਬਾਇਓਗੈਸ ਤੇ ਖਾਦ ਬਣਾਏਗਾ। ਇਸ ਦਾ ਮੰਤਵ ਹਰ ਸਾਲ 1.5 ਲੱਖ ਟਨ ਕਾਰਬਨ ਡਾਇਆਕਸਾਈਡ ਦੀ ਨਿਕਾਸੀ ਨੂੰ ਘਟਾਉਣਾ ਹੈ। ਪੰਜਾਬ ਵਿਚ ਪਰਾਲੀ ਦੀ ਸਾਂਭ-ਸੰਭਾਲ ਦੇ ਪੱਖ ਤੋਂ ਇਹ ਪਹਿਲਾ ਵੱਡਾ ਪ੍ਰਾਜੈਕਟ ਹੋਵੇਗਾ। ਇਸ ਨਾਲ ਪਰਾਲੀ ਸਾੜਨ ਦੀ ਸਮੱਸਿਆ ਉਤੇ ਵੀ ਰੋਕ ਲੱਗੇਗੀ। ਕੰਪਨੀ ਦੇ ਐਮਡੀ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ ਹੈ। ਇਕ ਸਾਲ ਵਿਚ ਇਕ ਲੱਖ ਟਨ ਪਰਾਲੀ ਪਲਾਂਟ ਵਿਚ ਵਰਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰੀਬ 40-45 ਹਜ਼ਾਰ ਏਕੜ ਜ਼ਮੀਨ ਉਤੇ ਪਰਾਲੀ ਦੀ ਸਾੜ-ਫੂਕ ਰੁਕੇਗੀ। ਇਸ ਪਲਾਂਟ ਤੋਂ 33 ਟਨ ਕੰਪਰੈਸਡ ਬਾਇਓਗੈਸ (ਸੀਬੀਜੀ) ਬਣੇਗੀ, ਤੇ ਨਾਲ ਹੀ ਹਰ ਦਿਨ 600-650 ਟਨ ਖਾਦ ਬਣੇਗੀ। ਸੀਬੀਜੀ ਇੰਡੀਅਨ ਆਇਲ ਨੂੰ ਸਪਲਾਈ ਕੀਤੀ ਜਾਵੇਗੀ।