ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 1 ਜੁਲਾਈ
ਪਿੰਡ ਕੋਟਲਾ ਅਜਨੇਰ ਨੇੜੇ ਵਾਪਰੇ ਇੱਕ ਸੜਕ ਹਾਦਸੇ ’ਚ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਆਮਦਨ ਕਰ ਵਿਭਾਗ ਦੇ ਖੰਨਾ ਦਫ਼ਤਰ ਵਿੱਚ ਬਤੌਰ ਨੋਟਿਸ ਸਰਵਰ ਨੌਕਰੀ ਕਰਨ ਵਾਲਾ ਅਜਮੇਰ ਸਿੰਘ ਵਾਸੀ ਲਲਹੇੜੀ ਰੋਡ, ਖੰਨਾ ਮੋਟਰਸਾਈਕਲ ’ਤੇ ਖੰਨਾ ਵੱਲ ਜਾ ਰਿਹਾ ਸੀ। ਇਸ ਦੌਰਾਨ ਪਿੰਡ ਕੋਟਲਾ ਅਜਨੇਰ ਨੇੜੇ ਪਿੱਛੋਂ ਆਈ ਇੱਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅਜਮੇਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਖੇੜੀ ਨੌਧ ਸਿੰਘ ਦੀ ਪੁਲੀਸ ਵੱਲੋਂ ਕਾਰ ਚਾਲਕ ਜਸਕੀਰਤ ਸਿੰਘ ਵਾਸੀ ਪਿੰਡ ਰੋਹਣੋਂ ਕਲਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।