ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਗਸਤ
ਸਥਾਨਕ ਸ਼ਹਿਰ ’ਚ ਅੱਜ ਸਵੇਰੇ ਪਿੰਡੀ ਗਲੀ ’ਚ ਸੂਬੇ ਦੇ ਦਵਾਈਆਂ ਦੇ ਵੱਡੇ ਕਾਰੋਬਾਰੀ ਦੇ ਘਰ ਤੇ ਦੁਕਾਨਾਂ ’ਤੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ। ਦਵਾਈ ਕਾਰੋਬਾਰੀ ਦੇ ਗੁਦਾਮਾਂ ’ਤੇ ਵੀ ਟੀਮ ਨੇ ਛਾਪੇ ਮਾਰੇ ਹਨ। ਛਾਪਿਆਂ ’ਚ ਬੋਗਸ ਬਿਲਿੰਗ ਆਦਿ ਚੈੱਕ ਕੀਤੇ ਜਾ ਰਹੇ ਹਨ। ਅਧਿਕਾਰੀ ਉਂਜ ਅਜੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ। ਇਹ ਕਾਰਵਾਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਗੁਰਮੇਲ ਮੈਡੀਕਲ ਵਾਲਿਆਂ ’ਤੇ ਹੋਈ ਹੈ। ਛਾਪੇ ਲਈ ਟੀਮ ਜਲੰਧਰ ਤੋਂ ਦੇਰ ਰਾਤ ਹੀ ਰਵਾਨਾ ਹੋਈ ਸੀ। ਰਾਤ ਨੂੰ ਹੀ ਟੀਮ ਦਵਾਈ ਕਾਰੋਬਾਰੀ ਦੇ ਠਿਕਾਣਿਆਂ ’ਤੇ ਪੁੱਜ ਗਈ ਸੀ। ਛਾਪੇ ਦੀ ਖਬਰ ਮਗਰੋਂ ਦਵਾਈ ਕਾਰੋਬਾਰੀਆਂ ’ਚ ਭਾਜੜਾਂ ਪੈ ਗਈਆਂ। ਆਮਦਨ ਕਰ ਵਿਭਾਗ ਨੇ ਗੁਰਮੇਲ ਮੈਡੀਕਲ ਵਾਲਿਆਂ ਦੇ ਘਰ, ਪਿੰਡੀ ਗਲੀ ਦੀ ਦੁਕਾਨ ਤੇ ਹੋਰਨਾਂ ਥਾਵਾਂ ’ਤੇ ਛਾਪੇ ਮਾਰੇ। ਦੱਸਿਆ ਜਾ ਰਿਹਾ ਹੈ ਕਿ ਦਵਾਈ ਕਾਰੋਬਾਰੀ ਦੇ ਘਰ ਸਣੇ 8 ਤੋਂ 10 ਟਿਕਾਣਿਆਂ ’ਤੇ ਟੀਮਾਂ ਨੇ ਛਾਪੇ ਮਾਰੇ ਹਨ।