ਪੱਤਰ ਪ੍ਰੇਰਕ
ਚੰਡੀਗੜ੍ਹ, 3 ਨਵੰਬਰ
ਦੀਵਾਲੀ ਮੌਕੇ ਪੰਜਾਬ ਦੇ ਮੁਲਾਜ਼ਮ ਸੂਬਾ ਸਰਕਾਰ ਕੋਲੋਂ ਆਪਣੀਆਂ ਮੰਗਾਂ ਮੰਨਣ ਦੇ ਰੂਪ ਵਿੱਚ ਕਿਸੇ ਨਾ ਕਿਸੇ ਵੱਡੇ ਤੋਹਫ਼ੇ ਦੀ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੂੰ ਤੋਹਫ਼ਾ ਤਾਂ ਨਹੀਂ ਮਿਲਿਆ ਪਰ ਦੀਵਾਲੀ ਤੋਂ ਦਿਨ ਪਹਿਲਾਂ ਸਰਕਾਰ ਕੋਲੋਂ ‘ਧੋਖੇ ਦੀ ਸੌਗਾਤ’ ਜ਼ਰੂਰ ਮਿਲ ਗਈ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਪਹਿਲੀ ਨਵੰਬਰ ਨੂੰ ਮਹਿੰਗਾਈ ਭੱਤੇ ਵਿੱਚ 11 ਫ਼ੀਸਦੀ ਵਾਧਾ ਕਰਨ ਦਾ ਐਲਾਨ ਕੀਤਾ ਸੀ ਜੋ ਪਹਿਲੀ ਜੁਲਾਈ 2021 ਤੋਂ ਲਾਗੂ ਹੋਣ ਦੀ ਗੱਲ ਕਹੀ ਗਈ ਸੀ। ਪਰ ਵਿੱਤ ਵਿਭਾਗ ਵੱਲੋਂ 2 ਨਵੰਬਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਵਾਧਾ 1 ਨਵੰਬਰ 2021 ਤੋਂ ਦੇਣਾ ਦਰਸਾਇਆ ਗਿਆ।
ਸੀਨੀਅਰ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਅਤੇ ਉਸ ਦਾ ਵਿਭਾਗ ਮੁੱਖ ਮੰਤਰੀ ਪੰਜਾਬ ਨੂੰ ਟਿੱਚ ਕਰ ਕੇ ਜਾਣਦਾ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਸ ਤਿੰਨ ਮਹੀਨੇ ਦੇ ਵਖਰੇਵੇਂ ਬਾਰੇ ਸਪੱਸ਼ਟ ਕਰਨ।