ਮਨੋਜ ਸ਼ਰਮਾ
ਬਠਿੰਡਾ, 1 ਮਈ
ਖਾਦ ਕੰਪਨੀਆਂ ਵੱਲੋਂ ਡੀਏਪੀ ਖਾਦ ਦੇ ਰੇਟ 300 ਰੁਪਏ ਪ੍ਰਤੀ ਕੁਇੰਟਲ ਵਧਾਉਣ ਨਾਲ ਕਿਸਾਨਾਂ ਅੰਦਰ ਰੋਸ ਪਾਇਆ ਜਾ ਰਿਹਾ ਸੀ, ਉਹ ਇਸ ਵਾਧੇ ਨੂੰ ਵਾਪਸ ਲੈਣ ਦੀ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਸਨ, ਉੱਥੇ ਹੀ ਹੁਣ ਖਾਦ ਕੰਪਨੀਆਂ ਨੇ ਮਿਊਰੇਟ ਆਫ ਪੋਟਾਸ਼ (ਐੱਮੳਪੀ) ’ਚ 1200 ਰੁਪਏ ਪ੍ਰਤੀ ਕੁਇੰਟਲ (600 ਰੁਪਏ ਪ੍ਰਤੀ ਗੱਟਾ 50 ਕਿਲੋ) ਵਾਧਾ ਕਰਕੇ ਕਿਸਾਨਾਂ ’ਤੇ ਇੱਕ ਹੋਰ ਆਰਥਿਕ ਬੋਝ ਪਾ ਕੇ ਖੇਤੀ ਲਾਗਤ ਖਰਚੇ ਵਧਾ ਦਿੱਤੇ ਹਨ। ਪਹਿਲਾਂ ਹੀ ਵਧ ਰਹੀਆਂ ਡੀਜ਼ਲ ਦੀਆਂ ਕੀਮਤਾਂ ਨੇ ਕਿਸਾਨਾਂ ’ਤੇ ਭਾਰੀ ਬੋਝ ਪਾਇਆ ਹੋਇਆ ਸੀ, ਹੁਣ ਖਾਦਾਂ ਦੇ ਰੇਟ ਕਿਸਾਨੀ ਦਾ ਲੱਕ ਤੋੜ ਦੇਣਗੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ, ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ, ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਰੋਸ ਪ੍ਰਗਟ ਕਰਦਿਆਂ ਇਸ ਵਾਧੇ ਨਾਲ ਕਿਸਾਨੀ ਦੀ ਪ੍ਰੇਸ਼ਾਨੀ ਹੋਰ ਵਧ ਗਈ ਹੈ।