ਮਨੋਜ ਸ਼ਰਮਾ
ਬਠਿੰਡਾ, 5 ਅਕਤੂਬਰ
ਮਾਲਵੇ ਵਿਚ ਕੈਂਸਰ ਦੀ ਬਿਮਾਰੀ ਦੇ ਮਰੀਜ਼ ਆਮ ਹਨ ਪਰ ਹੁਣ ਔਰਤਾਂ ਵਿਚ ਛਾਤੀ ਦੇ ਕੈਂਸਰ ਦੇ ਮਾਮਲੇ ਵਧਣ ਲੱਗੇ ਹਨ। ਕਰੋਨਾਵਾਇਰਸ ਕਾਰਨ ਦੇਸ਼ ਭਰ ਅੰਦਰ ਰੇਲ ਆਵਾਜਾਈ ਠੱਪ ਪਈ ਹੈ। ਇਸੇ ਤਰ੍ਹਾਂ ਬਠਿੰਡਾ ਤੋਂ ਰੋਜ਼ਾਨਾ ਚੱਲਣ ਵਾਲੀ ਕੈਂਸਰ ਟਰੇਨ ਨੂੰ ਬਰੇਕਾਂ ਲੱਗਣ ਤੋਂ ਬਾਅਦ ਕੈਂਸਰ ਦੇ ਮਰੀਜ਼ ਬਠਿੰਡਾ ਦੇ ਐਡਵਾਂਸ ਕੈਂਸਰ ਕੇਅਰ ਕਮ ਇੰਸਟੀਚਿਊਟ ਅਤੇ ਹਸਪਤਾਲ ਵਿਚ ਇਲਾਜ ਕਰਵਾਉਣ ਪੁੱਜ ਰਹੇ ਹਨ। ਹਰਜੀਤ ਕੌਰ ਤਲਵੰਡੀ ਸਾਬੋ (ਨਾਮ ਬਦਲਿਆ ਹੋਇਆ) ਤੋਂ ਬਠਿੰਡਾ ਦੇ ਕੈਂਸਰ ਹਸਪਤਾਲ ਪੁੱਜੀ ਜਿਥੇ ਉਸ ਦੀ ਮੌਤ ਹੋ ਗਈ ਕਿਉਂਕਿ ਉਸ ਨੂੰ 4 ਸਟੇਜ ਦਾ ਕੈਂਸਰ ਸੀ। ਇਸ ਤੋਂ ਪਹਿਲਾਂ ਉਸ ਨੇ ਕਈ ਥਾਵਾਂ ਤੋਂ ਦਵਾਈ ਲਈ ਪਰ ਫ਼ਰਕ ਨਾ ਪੈਣ ਕਾਰਨ ਕਿਸੇ ਨੇ ਬੀਕਾਨੇਰ ਜਾਣ ਦੀ ਸਲਾਹ ਦਿੱਤੀ ਪਰ ਇਹ ਰੇਲ ਗੱਡੀ ਬੰਦ ਹੋਣ ਕਾਰਨ ਉਹ ਬਠਿੰਡਾ ਹਸਪਤਾਲ ਵਿਚ ਇਲਾਜ ਕਰਵਾਉਣ ਪੁੱਜੀ ਪਰ ਬਠਿੰਡਾ ਪੁੱਜਣ ’ਚ ਦੇਰੀ ਕਾਰਨ ਉਸ ਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਜਾਗਰੂਕਤਾ ਦੀ ਘਾਟ ਕਾਰਨ ਛਾਤੀ ਦੇ ਕੈਂਸਰ ਦੀ ਬਿਮਾਰੀ ਮੌਤ ਦਾ ਕਾਰਨ ਬਣ ਰਹੀ ਹੈ। ਕੈਂਸਰ ਹਸਪਤਾਲ ਦੇ ਰਿਕਾਰਡ ਮੁਤਾਬਿਕ ਬੀਤੇ 4 ਸਾਲਾਂ ਵਿਚ 930 ਔਰਤਾਂ ਨੂੰ ਛਾਤੀ ਦਾ ਕੈਂਸਰ ਪਾਇਆ ਗਿਆ ਜਦੋਂ ਕਿ ਕੁੱਝ ਔਰਤਾਂ ਨੇ ਪਹਿਲੀ ਸਟੇਜ ’ਚ ਆਪਣੀ ਜਾਂਚ ਕਰਵਾਈ। ਡਾਕਟਰਾਂ ਅਨੁਸਾਰ ਬੀਤੇ ਵਰ੍ਹਿਆਂ ਦੌਰਾਨ 400 ਔਰਤਾਂ ਬੱਚੇਦਾਨੀ ਦੇ ਇਲਾਜ ਲਈ ਪਹੁੰਚੀਆਂ।
ਜਾਂਚ ਕਰਵਾਉਣ ਲਈ ਸਾਹਮਣੇ ਨਹੀਂ ਆਉਂਦੀਆਂ ਔਰਤਾਂ
ਮਾਲਵੇ ਖ਼ਿੱਤੇ ਦੀ ਗੱਲ ਕੀਤੀ ਜਾਵੇ ਤਾਂ ਪੇਂਡੂ ਔਰਤਾਂ ਵਿਚ ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦੇ ਮਾਮਲੇ ਜ਼ਿਆਦਾ ਸਾਹਮਣੇ ਆਏ ਹਨ। ਪੇਂਡੂ ਖੇਤਰ ਦੀਆਂ ਔਰਤਾਂ ਜਾਗਰੂਕਤਾ ਦੀ ਘਾਟ ਕਾਰਨ ਜਾਂਚ ਕਰਵਾਉਣ ਤੋਂ ਟਾਲਾ ਵੱਟਦੀਆਂ ਹਨ। ਐਡਵਾਂਸ ਕੈਂਸਰ ਇੰਸਟੀਚਿਊਟ ਦੇ ਸਰਜਨ ਐਨਾਕੋਲੋਜਿਸਟ ਜਸਵਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਛਾਤੀ ਦੇ ਕੈਂਸਰ ਦੇ ਮਰੀਜ਼ ਜੇ ਪਹਿਲੀ ਸਟੇਜ ’ਤੇ ਆਪਣਾ ਇਲਾਜ ਕਰਵਾਉਣ ਤਾਂ ਜਾਨ ਬਚਣ ਦੇ ਆਸਾਰ ਵਧਦੇ ਹਨ ਜਦੋਂ ਕਿ ਦੇਰੀ ਨਾਲ ਸ਼ੁਰੂ ਕੀਤਾ ਗਿਆ ਇਲਾਜ ਮਰੀਜ਼ ਲਈ ਤਕਲੀਫ਼ਦੇਹ ਹੁੰਦਾ ਹੈ ਜਾਨ ਬਚਣ ਦੇ ਆਸਾਰ ਵੀ ਘਟਦੇ ਹਨ। ਐਸ.ਐਚ ਹਸਪਤਾਲ ਦੇ ਡਾਇਰੈਕਟਰ ਡਾ. ਦੀਪਕ ਅਰੋੜਾ ਦਾ ਕਹਿਣਾ ਹੈ ਕਿ ਕੈਂਸਰ ਹੋਣ ’ਤੇ ਡਾਕਟਰੀ ਜਾਂਚ ਤੋਂ ਇਲਾਵਾ ਜਾਗਰੂਕਤਾ ਹੋਣਾ ਵੀ ਅਹਿਮ ਗੱਲ ਹੈ। ਜਾਗਰੂਕਤਾ ਦੀ ਘਾਟ ਕਾਰਨ ਸਹੀ ਇਲਾਜ ਨਾ ਕਰਵਾਉਣਾ ਵੀ ਖੁਦ ਮੌਤ ਨੂੰ ਸੱਦਾ ਦੇਣਾ ਹੈ।