ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 18 ਅਕਤੂਬਰ
ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ’ਚ ਲੀਡਰਸ਼ਿਪ ਸਮਿਟ-2024 ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਲੀਡਰਸ਼ਿਪ ਦਾ ਰਾਸ਼ਟਰਵਾਦ ਨਾਲ ਡੂੰਘਾ ਸਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਵਿੱਚ ਖੋਜ, ਨਵੀਨਤਾ ਅਤੇ ਡਿਜ਼ਾਈਨ ਦੇ ਪ੍ਰਸਤਾਵ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਰਥਿਕ ਰਾਸ਼ਟਰਵਾਦ ਸਾਡੇ ਵਿਕਾਸ ਲਈ ਬੁਨਿਆਦੀ ਲੋੜ ਹੈ। ਸ੍ਰੀ ਧਨਖੜ ਨੇ ਕਿਹਾ ਕਿ ਭਾਰਤ ਨੂੰ ਅਗਲੀ ਪੀੜ੍ਹੀ ਦੇ ਨੇਤਾਵਾਂ ਦੀ ਲੋੜ ਹੈ ਜੋ ਨਵੀਨਤਾ ਅਤੇ ਬਦਲਾਅ ਨੂੰ ਅੱਗੇ ਵਧਾ ਸਕਦੇ ਹਨ। ਉਨ੍ਹਾਂ ਨੇ ਅਜਿਹੇ ਨੇਤਾ ਪੈਦਾ ਕਰਨ ’ਤੇ ਵੀ ਜ਼ੋਰ ਦਿੱਤਾ ਜੋ ਭਾਰਤੀ ਅਤੇ ਕੌਮਾਂਤਰੀ ਸਮੱਸਿਆਵਾਂ ਲਈ ਹੱਲ ਲੱਭਦੇ ਹਨ ਅਤੇ ਰੋਜ਼ਾਨਾ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਸਾਂਝੇਦਾਰੀ ਬਣਾਉਣ ’ਤੇ ਜ਼ੋਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਭਾਰਤ ਦੇ ਉਭਾਰ ਦਾ ਅਰਥ ਵਿਸ਼ਵ ਸ਼ਾਂਤੀ, ਵਿਸ਼ਵ ਸਥਿਰਤਾ ਅਤੇ ਵਿਸ਼ਵ-ਵਿਆਪੀ ਸਦਭਾਵਨਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੀ ਸਦੀ ਸਰਦਾਰੀ ਜਾਂ ਦਬਦਬੇ ਦੀ ਨਹੀਂ ਬਲਕਿ ਵਿਸ਼ਵ-ਵਿਆਪੀ ਭਲਾਈ ਦੀ ਇੱਛਾ ਹੈ। ਸ੍ਰੀ ਧਨਖੜ ਨੇ ਨੌਜਵਾਨਾਂ ਨੂੰ ਲੀਡਰ-ਇਨ-ਮੇਕਿੰਗ ਦਸਦਿਆਂ ਦੇਸ਼ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਅਤੇ ਦੇਸ਼ ਲਈ ਆਰਥਿਕ ਰਾਸ਼ਟਰਵਾਦ ਦੇ ਦੂਤ ਬਣਨ ਲਈ ਪ੍ਰੇਰਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਭਾਰਤੀ ਇੰਟਰਪ੍ਰਾਈਜ਼ਿਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ, ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਡੀਨ ਮਦਨ ਪਿਲੁਤਲਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।