ਪੱਤਰ ਪ੍ਰੇਰਕ
ਅਟਾਰੀ, 28 ਫਰਵਰੀ
ਇਸਲਾਮਾਬਾਦ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਸਿੰਧ ਜਲ ਕਮਿਸ਼ਨ ਦੀ ਹੋਣ ਵਾਲੀ ਤਿੰਨ ਦਿਨਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਅੱਜ 10 ਮੈਂਬਰੀ ਭਾਰਤੀ ਵਫ਼ਦ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਗਿਆ। ਇੰਡਸ ਵਾਟਰਸ ਦੇ ਭਾਰਤੀ ਕਮਿਸ਼ਨਰ ਪ੍ਰਦੀਪ ਕੁਮਾਰ ਸਕਸੈਨਾ ਨੇ ਵਫ਼ਦ ਦੀ ਅਗਵਾਈ ਕੀਤੀ। ਪਾਕਿਸਤਾਨ ਵੱਲੋਂ ਮੀਟਿੰਗ ਦੀ ਅਗਵਾਈ ਕਮਿਸ਼ਨ ਦੇ ਪਾਕਿਸਤਾਨੀ ਕਮਿਸ਼ਨਰ ਸਈਅਦ ਮੁਹੰਮਦ ਮੇਹਰ ਅਲੀ ਸ਼ਾਹ ਕਰਨਗੇ। ਭਾਰਤੀ ਵਫ਼ਦ ਵਿਚ ਪ੍ਰਦੀਪ ਕੁਮਾਰ ਸਕਸੈਨਾ ਤੋਂ ਇਲਾਵਾ ਜੇਐੱਸ ਬਾਵਾ, ਅਨਿਲ ਜੈਨ, ਗੋਵਰਧਨ ਪ੍ਰਸ਼ਾਦ, ਸ਼ਵੇਤਾ ਸਿੰਘ, ਨਵੀਨ ਕੁਮਾਰ, ਸ਼ਰੀਸ਼ ਦੂਬੇ, ਮੰਜੂਸ਼ਾ ਮਿਸ਼ਰਾ, ਰਾਜਵੀਰ ਸਿੰਘ ਤੇ ਅਰਪਿਤਾ ਉਪਾਧਿਆਏ ਸ਼ਾਮਲ ਹਨ। ਦੋਵਾਂ ਦੇਸ਼ਾਂ ਵਿਚਾਲੇ ਸਿੰਧੂ ਜਲ ਸੰਧੀ ’ਤੇ ਦਸਤਖਤ ਕਰਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਤਿੰਨ ਮਹਿਲਾ ਅਧਿਕਾਰੀ ਵੀ ਭਾਰਤੀ ਵਫ਼ਦ ਵਿਚ ਸ਼ਾਮਲ ਹਨ। ਪਹਿਲੀ ਤੋਂ 3 ਮਾਰਚ ਤੱਕ ਹੋਣ ਵਾਲੀ ਇਸ ਮੀਟਿੰਗ ਵਿਚ ਸ਼ਾਮਲ ਹੋ ਕੇ ਵਫ਼ਦ 4 ਮਾਰਚ ਨੂੰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇਗਾ।