ਪੱਤਰ ਪ੍ਰੇਰਕ
ਕਾਦੀਆਂ, 13 ਜੂਨ
ਕਰੋਨਾ ਕਾਰਨ ਬਾਰਡਰ ਬੰਦ ਹੋਣ ਕਾਰਨ ਜਿਹੜੇ ਭਾਰਤੀ ਨਾਗਰਿਕ ਪਾਕਿਸਤਾਨ ਵਿਚ ਫਸੇ ਸਨ, ਉਨ੍ਹਾਂ ਦੀ ਵਾਪਸੀ 23 ਜੂਨ ਤੋਂ ਸ਼ੁਰੂ ਹੋ ਜਾਵੇਗੀ। ਇਸ ਬਾਰੇ ਪਾਕਿਸਤਾਨ ’ਚ ਫਸੇ ਮੁਹੰਮਦ ਅਨਵਰ ਨੇ ਫੋਨ ’ਤੇ ਜਾਣਕਾਰੀ ਦਿੱਤੀ ਹੈ ਕਿ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ 23 ਜੂਨ ਨੂੰ ਪਾਕਿਸਤਾਨ ਤੋਂ ਭਾਰਤ ਲਈ ਵਾਪਸੀ ਹੋਵੇਗੀ। ਉਨ੍ਹਾਂ ਦੇ ਪਰਿਵਾਰ ਦੀ ਵਾਪਸੀ ਲਈ ਦਿੱਤੇ ਸਹਿਯੋਗ ਲਈ ਉਨ੍ਹਾਂ ਨੇ ਪੰਜਾਬੀ ਟ੍ਰਿਬਿਊਨ ਦਾ ਧੰਨਵਾਦ ਕੀਤਾ। ਦੂਜੇ ਪਾਸੇ, ਪਾਕਿਸਤਾਨੀ ਵਿਹਾਂਦੜਾਂ ਜੋ ਭਾਰਤ ਤੋਂ ਪਾਕਿਸਤਾਨ ਆਪਣੇ ਪੇਕੇ ਨੂਰੀ ਵੀਜ਼ੇ ’ਤੇ ਗਈਆਂ ਸਨ, ਦੀ ਵਾਪਸੀ ਲਈ ਵੀ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਨਾਗਰਿਕਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਘਰ ’ਚ ਇਕਾਂਤਵਾਸ ਕੀਤਾ ਜਾਵੇ।