ਸੁੰਦਰ ਨਾਥ ਆਰੀਆ
ਅਬੋਹਰ, 3 ਮਾਰਚ
ਭਾਰਤ ਤੇ ਪਾਕਿਸਤਾਨ ਵਿਚਾਲੇ 1971 ’ਚ ਲੜੀ ਗਈ ਜੰਗ ਵਿੱਚ ਭਾਰਤ ਦੀ ਜਿੱਤ ਦੇ 50 ਸਾਲ ਪੂਰੇ ਹੋਣ ’ਤੇ ਇਸ ਸਾਲ ਨੂੰ ਸਵਰਣਿਮ ਵਿਜੈ ਸਾਲ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਚਾਰ ਵਿਜੈ ਮਸ਼ਾਲਾਂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਇਹ ਮਸ਼ਾਲ ਫਾਜ਼ਿਲਕਾ ਮਿਲਟਰੀ ਸਟੇਸ਼ਨ ਨੇ ਅਬੋਹਰ ਮਿਲਟਰੀ ਸਟੇਸ਼ਨ ਨੂੰ ਸੌਂਪੀ। ਮਸ਼ਾਲ ਅਗਲੇ ਕੁਝ ਦਿਨਾਂ ਤਕ ਅਬੋਹਰ ਖੇਤਰ ਵਿੱਚ ਹੀ ਰਹੇਗੀ ਅਤੇ ਵੱਖ-ਵੱਖ ਪਿੰਡਾਂ ਵਿੱਚ ਜਾਵੇਗੀ, ਜਿੱਥੇ ਸਾਬਕਾ ਸੈਨਿਕਾਂ, ਵੀਰ ਨਾਰੀਆਂ ਦਾ ਸਨਮਾਨ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਲਈ ਪ੍ਰੇਰਿਆ ਜਾਵੇਗਾ।
ਇਸ ਦੌਰਾਨ 1965 ਦੀ ਜੰਗ ਦੇ ਸ਼ਹੀਦ ਮੇਜਰ ਸੁਰਿੰਦਰ ਪ੍ਰਸਾਦ ਨੂੰ ਸਿਜਦਾ ਕੀਤਾ ਗਿਆ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਕਾਂਗਰਸੀ ਆਗੂ ਸੰਦੀਪ ਜਾਖੜ, ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ, ਸਾਬਕਾ ਫੌਜੀ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੂੰ ਸ਼ਹਾਦਤ ਤੋਂ ਬਾਅਦ ਵੀਰ ਚੱਕਰ ਨਾਲ ਸਨਮਾਨਿਆ ਗਿਆ ਸੀ। ਡੀਸੀ ਸੰਧੂ ਨੇ ਕਿਹਾ ਕਿ ਦੇਸ਼ ਨੂੰ ਆਪਣੀਆਂ ਫ਼ੌਜਾਂ ’ਤੇ ਮਾਣ ਹੈ। ਇਸ ਸਾਲ 1971 ਦੀ ਜੰਗ ਵਿੱਚ ਦੇਸ਼ ਦੀ ਜਿੱਤ ਦੀ ਗੋਲਡਨ ਜੁਬਲੀ ਮਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਦੇਸ਼ ਲਈ ਬਲੀਦਾਨ ਦੇਣ ਵਾਲੇ ਜਵਾਨਾਂ ਨੂੰ ਸਿਜਦਾ ਕਰਦੇ ਹਨ। ਇਸ ਮੌਕੇ ਭਾਰਤੀ ਫ਼ੌਜ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੂੰ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਦਿਲਚਸਪੀ ਨਾਲ ਵੇਖਿਆ।