ਗਗਨ ਅਰੋੜਾ/ਗੁਰਦੀਪ ਸਿੰਘ ਟੱਕਰ
ਲੁਧਿਆਣਾ/ਮਾਛੀਵਾੜਾ, 31 ਜੁਲਾਈ
ਪਿੰਡ ਮੱਤੇਵਾੜਾ ਕੋਲ ਬਣਾਏ ਜਾ ਰਹੇ ਸਨਅਤੀ ਪਾਰਕ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸੇਖੋਵਾਲ ਦੀ ਪੰਚਾਇਤ ਨੇ ਜਿਥੇ ਮਤਾ ਪਾ ਕੇ 400 ਏਕੜ ਜ਼ਮੀਨ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ, ਉਥੇ ਬੀਤੀ ਦੇਰ ਰਾਤ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਦੀ ਸਰਪੰਚ ਅਮਰੀਕ ਕੌਰ ਨੂੰ ਜਬਰੀ ਚੁੱਕ ਕੇ ਕੂੰਮਕਲਾਂ ਤਹਿਸੀਲ ’ਚ ਲੈ ਗਏ ਤੇ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ।
ਜਾਣਕਾਰੀ ਅਨੁਸਾਰ 30 ਜੁਲਾਈ ਦੀ ਸ਼ਾਮ ਨੂੰ ਕੂੰਮਕਲਾਂ ਪੁਲੀਸ ਤੇ ਪੰਚਾਇਤ ਵਿਭਾਗ ਦੀਆਂ ਕਰੀਬ ਚਾਰ ਗੱਡੀਆਂ ਪਿੰਡ ਸੇਖੋਵਾਲ ਪੁੱਜੀਆਂ, ਜਿਥੋਂ ਪਿੰਡ ਦੀ ਸਰਪੰਚ ਅਮਰੀਕ ਕੌਰ, ਸਾਬਕਾ ਸਰਪੰਚ ਧੀਰ ਸਿੰਘ ਅਤੇ ਪੰਚ ਖ਼ਜਾਨ ਨੂੰ 400 ਏਕੜ ਪੰਚਾਇਤੀ ਜ਼ਮੀਨ ਸਰਕਾਰ ਦੇ ਨਾਮ ਤਬਦੀਲ ਕਰਨ ਲਈ ਕੂੰਮਕਲਾਂ ਤਹਿਸੀਲ ਲਿਆਂਦਾ ਗਿਆ। ਦੇਰ ਰਾਤ ਰਜਿਸਟਰੀ ਕਰਵਾਉਣ ਲਈ ਇਹ ਤਹਿਸੀਲ ਖੋਲ੍ਹ ਦਿੱਤੀ ਗਈ, ਪਰ ਉਥੇ ਸਰਪੰਚ ਤੇ ਪੰਚਾਇਤ ਮੈਂਬਰ ਨੇ ਇਹ ਜ਼ਮੀਨ ਸਰਕਾਰ ਨੂੰ ਦੇਣ ਤੋਂ ਮਨ੍ਹਾਂ ਕਰਦਿਆਂ ਰਜਿਸਟਰੀ ’ਤੇ ਦਸਤਖ਼ਤ ਨਾ ਕੀਤੇ। ਇਸ ਦਾ ਪਤਾ ਲੱਗਦੇ ਹੀ ਲੋਕ ਸੰਘਰਸ਼ ਕਮੇਟੀ, ਲੋਕ ਇਨਸਾਫ਼ ਪਾਰਟੀ, ਆਮ ਆਦਮੀ ਪਾਰਟੀ ਦੇ ਆਗੂਆਂ ਨੇ ਤਹਿਸੀਲ ਦਫ਼ਤਰ ਅਤੇ ਪੁਲੀਸ ਥਾਣੇ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਦੇ ਰੋਹ ਨੂੰ ਦੇਖਦਿਆਂ ਮਹਿਲਾ ਸਰਪੰਚ ਨੂੰ ਛੱਡ ਦਿੱਤਾ ਗਿਆ ਤੇ ਦੇਰ ਰਾਤ ਰਜਿਸਟਰੀ ਕਰਵਾਉਣ ਲਈ ਖੋਲ੍ਹੀ ਤਹਿਸੀਲ ਬੰਦ ਕਰ ਦਿੱਤੀ ਗਈ। ਉਧਰ ਮੌਕੇ ਤੋਂ ਤਹਿਸੀਲ ਦਾ ਸਾਰਾ ਸਟਾਫ਼ ਵੀ ਖਿਸਕ ਗਿਆ।
ਲੋਕ ਸੰਘਰਸ਼ ਕਮੇਟੀ ਦੇ ਆਗੂ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਤਕਰੀਬਨ 8 ਵਜੇ ਸੇਖੋਵਾਲ ਦੀ ਮਹਿਲਾ ਸਰਪੰਚ ਅਮਰੀਕ ਕੌਰ ਨੂੰ ਨਾਇਬ ਤਹਿਸੀਲਦਾਰ, ਬੀਡੀਪੀਓ ਤੇ ਪੁਲੀਸ ਦੀ ਟੀਮ ਨੇ ਜਬਰਦਸਤੀ ਕੂੰਮਕਲਾਂ ਤਹਿਸੀਲ ਦਫ਼ਤਰ ਲਿਆਂਦਾ, ਜਿਥੇ ਉਸ ਤੋਂ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਛੱਡ ਦਿੱਤਾ।
ਸਰਪੰਚ ਅਮਰੀਕ ਕੌਰ ਦਾ ਦੋਸ਼ ਸੀ ਕਿ ਬੀਤੀ ਰਾਤ ਉਸ ਨੂੰ ਤਹਿਸੀਲ ਦਫ਼ਤਰ ਦੇ ਮੁਲਾਜ਼ਮ ਤੇ ਪੁਲੀਸ ਉਨ੍ਹਾਂ ਦੇ ਘਰ ਆਈ ਅਤੇ ਉਨ੍ਹਾਂ ਨੂੰ ਆਪਣੇ ਨਾਲ ਗੱਡੀ ’ਚ ਬਿਠਾ ਕੇ ਸਿੱਧਾ ਸਬ ਰਜਿਸਟਰਾਰ ਦਫ਼ਤਰ ਲੈ ਗਏ। ਜਦੋਂ ਉਥੇ ਲੋਕਾਂ ਨੇ ਹੰਗਾਮਾ ਕੀਤਾ ਤਾਂ ਉਹ ਉਨ੍ਹਾਂ ਨੂੰ ਲੈ ਕੇ ਉਥੋਂ ਚਲੇ ਗਏ। ਕਾਫ਼ੀ ਦੇਰ ਬਾਅਦ ਉਨ੍ਹਾਂ ਨੂੰ ਕੂੰਮਕਲਾਂ ਥਾਣੇ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਨ੍ਹੇਰੇ ’ਚ ਰੱਖ ਕੇ ਮਤਾ ਪਾਸ ਕਰਵਾਇਆ ਸੀ, ਜਿਸਨੂੰ ਪੰਚਾਇਤ ਨੇ ਬਾਅਦ ’ਚ ਰੱਦ ਕਰ ਦਿੱਤਾ ਸੀ।
ਥਾਣਾ ਮੁਖੀ ਨੇ ਦੋਸ਼ ਨਕਾਰੇ
ਥਾਣਾ ਕੂੰਮਕਲਾਂ ਦੇ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਸੇਖੋਵਾਲ ਦੀ ਸਰਪੰਚ ਅਮਰੀਕ ਕੌਰ ਨੂੰ ਉਸ ਦੇ ਘਰੋਂ ਜਬਰੀ ਚੁੱਕ ਕੇ ਨਹੀਂ ਲਿਆਂਦਾ ਗਿਆ ਬਲਕਿ ਉਸ ਦੀ ਰਜ਼ਾਮੰਦੀ ਤੇ ਸਤਿਕਾਰ ਨਾਲ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਨੂੰ ਕੂੰਮਕਲਾਂ ਤਹਿਸੀਲ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਦੀ ਰਜਿਸਟਰੀ ’ਤੇ ਦਸਤਖ਼ਤ ਕਰਨ ਜਾਂ ਨਾ ਕਰਨ ਵਿੱਚ ਪੁਲੀਸ ਦਾ ਕੋਈ ਸਬੰਧ ਨਹੀਂ ਹੈ।
ਪੰਚਾਇਤੀ ਜ਼ਮੀਨ ਬਚਾਉਣ ਲਈ ਸੰਘਰਸ਼ ਕਮੇਟੀ ਬਣਾਈ
ਪੰਜਾਬ ਸਰਕਾਰ ਵੱਲੋਂ ਤਿੰਨ ਪਿੰਡਾਂ ਸੇਲਕਿਆਣਾ, ਸਲੇਮਪੁਰ ਤੇ ਸੇਖੋਵਾਲ ਦੀਆਂ ਪੰਚਾਇਤੀ ਜ਼ਮੀਨਾਂ ਐਕੁਆਇਰ ਕਰਨ ਦੀ ਤਜਵੀਜ਼ ਹੈ, ਜਿਸ ਦਾ ਵਿਰੋਧ ਤਿੱਖਾ ਕਰਨ ਲਈ ਉਥੋਂ ਦੇ ਲੋਕਾਂ ਨੇ ਇਕ 9 ਮੈਂਬਰੀ ਸੰਘਰਸ਼ ਕਮੇਟੀ ਦਾ ਬਣਾਈ ਹੈ। ਇਸ ਕਮੇਟੀ ਵਿੱਚ ਸਾਬਕਾ ਸਰਪੰਚ ਸੇਖੋਵਾਲ ਧੀਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਕਸ਼ਮੀਰ ਸਿੰਘ, ਮੱਖਣ ਸਿੰਘ ਤੇ ਅਮਰ ਨਾਥ ਨੂੰ ਮੈਂਬਰ ਚੁਣਿਆ ਹੈ।