ਦਵਿੰਦਰ ਪਾਲ
ਚੰਡੀਗੜ੍ਹ, 20 ਅਗਸਤ
ਪੰਜਾਬ ਵਿੱਚ ਗਊਆਂ ’ਤੇ ਪਈ ਲੰਪੀ ਸਕਿਨ ਦੀ ਮਾਰ ਮਗਰੋਂ ਹੁਣ ਸੂਰਾਂ ਨੂੰ ਛੂਤ ਦੀ ਬਿਮਾਰੀ ਨੇ ਜਕੜ ਲਿਆ ਹੈ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਪੋਲਟਰੀ ਪਾਲਣ ਵਿਭਾਗ ਨੇ ਅਫਰੀਕਨ ਸਵਾਈਨ ਫੀਵਰ (ਏਐੱਸਐੱਫ) ਤੋਂ ਪੀੜਤ ਸੂਰਾਂ ਨੂੰ ਤੁਰੰਤ ਮਾਰਨ ਦੇ ਹੁਕਮ ਦਿੱਤੇ ਹਨ। ਵਿਭਾਗ ਅਨੁਸਾਰ ਕੇਂਦਰ ਦੀਆਂ ਹਦਾਇਤਾਂ ਮੁਤਾਬਕ ਪ੍ਰਭਾਵਿਤ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਵਿੱਚ 55 ਹਜ਼ਾਰ ਦੇ ਕਰੀਬ ਸੂਰ ਹਨ। ਵਿਭਾਗ ਨੇ ਇਸ ਬਿਮਾਰੀ ਨੂੰ ਪੂਰੇ ਪੰਜਾਬ ’ਚ ਫ਼ੈਲਣ ਤੋਂ ਰੋਕਣ ਲਈ ਪਟਿਆਲਾ ਜ਼ਿਲ੍ਹੇ ਵਿੱਚ ਸਖ਼ਤ ਬੰਦੋਬਸਤ ਕੀਤੇ ਹਨ। ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਅਚਨਚੇਤ ਸੂਰਾਂ ਦੇ ਮਰਨ ਦੀਆਂ ਰਿਪੋਰਟਾਂ ਆਈਆਂ ਸਨ, ਜਿਸ ਮਗਰੋਂ ਆਈਸੀਏਆਰ-ਕੌਮੀ ਉੱਚ ਰੱਖਿਆ ਪਸ਼ੂ ਰੋਗ ਸੰਸਥਾ ਭੋਪਾਲ ਵੱਲੋਂ ਜ਼ਿਲ੍ਹਾ ਪਟਿਆਲਾ ਤੋਂ ਭੇਜੇ ਗਏ ਸੂਰਾਂ ਦੇ ਸੈਂਪਲਾਂ ਵਿੱਚ ਅਫਰੀਕਨ ਸਵਾਈਨ ਫੀਵਰ ਦੀ ਪੁਸ਼ਟੀ ਹੋਈ ਸੀ।
ਲੈਬਾਰਟਰੀ ਦੀ ਰਿਪੋਰਟ ਆਉਣ ਮਗਰੋਂ ਵਿਭਾਗ ਨੇ ‘ਜਾਨਵਰਾਂ ਵਿੱਚ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ 2009’ ਦੇ ਅਧਿਆਇ-3 ਦੀ ਧਾਰਾ-6 ਅਧੀਨ ਪੂਰੇ ਪੰਜਾਬ ਨੂੰ ‘ਕੰਟਰੋਲਡ ਖੇਤਰ’ ਐਲਾਨਿਆ ਗਿਆ ਹੈ ਤਾਂ ਜੋ ਸੂਚੀਬੱਧ ਬੀਮਾਰੀ ਅਫਰੀਕਨ ਸਵਾਈਨ ਫੀਵਰ ਦੀ ਰੋਕਥਾਮ, ਕੰਟਰੋਲ ਅਤੇ ਖਾਤਮਾ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਵਿਭਾਗ ਨੇ ਕਿਹਾ ਹੈ ਕਿ ਕੋਈ ਵੀ ਜਿਊਂਦਾ ਜਾਂ ਮਰਿਆ ਸੂਰ (ਜੰਗਲੀ ਸੂਰਾਂ ਸਮੇਤ), ਨਾਨ-ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ/ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਸਮੱਗਰੀ/ਸਾਮਾਨ ਲਾਗ ਵਾਲੇ ਜ਼ੋਨ ਤੋਂ ਬਾਹਰ ਨਾ ਲਿਜਾਇਆ ਜਾਵੇਗਾ, ਨਾ ਹੀ ਜ਼ੋਨ ਵਿੱਚ ਲਿਆਂਦਾ ਜਾਵੇਗਾ। ਪੰਜਾਬ ਵਿੱਚ ਲੰਪੀ ਸਕਿਨ ਦੀ ਲਪੇਟ ’ਚ ਆਉਣ ਕਾਰਨ ਵੱਡੇ ਪੱਧਰ ’ਤੇ ਗਊਆਂ ਮਰੀਆਂ ਹਨ।
ਸਰਕਾਰ ਮਾਰੇ ਗਏ ਸੂਰਾਂ ਲਈ ਮੁਆਵਜ਼ਾ ਦੇਵੇਗੀ: ਭੁੱਲਰ
ਚੰਡੀਗੜ੍ਹ (ਟਨਸ): ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਸੂਰ ਕਿਲਿੰਗ ਲਈ ਬਣਦਾ ਮੁਆਵਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ’ਚ ਦੋ ਥਾਵਾਂ ’ਤੇ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ ਹੋਈ ਹੈ ਅਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਬਿਮਾਰੀ ਦੇ ਕੇਂਦਰ ਤੋਂ ਇੱਕ ਕਿਲੋਮੀਟਰ ਦੇ ਦਾਇਰੇ ’ਚ ਸੂਰਾਂ ਨੂੰ ਮਾਰਨਾ ਜ਼ਰੂਰੀ ਹੈ, ਨਹੀਂ ਤਾਂ ਇਹ ਬਿਮਾਰੀ ਭਿਆਨਕ ਰੂਪ ਧਾਰ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਵੱਲੋਂ ਮਾਰੇ ਗਏ ਸੂਰਾਂ ਦਾ ਹੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋੜੀਂਦੀ ਸਹਾਇਤਾ ਲਈ ਤਿੰਨ ਵੈਟਰਨਰੀ ਅਫ਼ਸਰ ਡਾ. ਸਿਮਰਤ ਸਿੰਘ, ਡਾ. ਆਨੰਦ ਕੁਮਾਰ ਜੈਸਵਾਲ ਤੇ ਡਾ. ਭੁਪਿੰਦਰ ਸਿੰਘ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪਟਿਆਲਾ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਮੁਆਵਜ਼ਾ ਦੇਵੇ ਸਰਕਾਰ: ਸੁਖਬੀਰ
ਚੰਡੀਗੜ੍ਹ (ਟਨਸ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗ ਹੈ ਕੀਤੀ ਕਿ ਲੰਪੀ ਸਕਿਨ ਰੋਗ ਕਾਰਨ ਮਰਨ ਵਾਲੇ ਪਸ਼ੂਆਂ ਲਈ ਸਰਕਾਰ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਵੇ ਅਤੇ ਮੁੱਖ ਮੰਤਰੀ ਇਸ ਬਿਮਾਰੀ ਨੂੰ ਕਾਬੂ ਕਰਨ ਦੀ ਜ਼ਿੰਮੇਵਾਰੀ ਪੰਚਾਇਤਾਂ ’ਤੇ ਪਾਉਣ ਦੀ ਥਾਂ ਆਪਣੇ ਸਿਰ ਲੈਣ। ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਤੱਕ ਹਜ਼ਾਰਾਂ ਪਸ਼ੂ ਇਸ ਰੋਗ ਕਾਰਨ ਮਾਰੇ ਗਏ ਹਨ, ਪਰ ਸਰਕਾਰ ਹਾਲੇ ਵੀ ਪ੍ਰਾਪੇਗੰਡੇ ਅਤੇ ਇਸ਼ਤਿਹਾਰਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ’ਤੇ ਡੇਅਰੀ ਕਿਸਾਨਾਂ ਦੀ ਮਦਦ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਜਾ ਰਹੇ। ਨਾ ਕਿਸੇ ਪਸ਼ੂ ਲਈ ਕੋਈ ਮੁਆਵਜ਼ਾ ਦਿੱਤਾ ਗਿਆ ਹੈ ਤੇ ਨਾ ਹੀ ਬਿਮਾਰੀ ਨੂੰ ਫ਼ੈਲਣ ਤੋਂ ਰੋਕਣ ਦਾ ਪ੍ਰਬੰਧ ਕੀਤਾ ਗਿਆ ਹੈ।