ਪੱਤਰ ਪ੍ਰੇਰਕ
ਲਾਲੜੂ, 21 ਜਨਵਰੀ
ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦਿਨੋਂ-ਦਿਨ ਵੱਧ ਰਹੀ ਅਤਿ ਦੀ ਮਹਿੰਗਾਈ ਆਮ ਨਾਗਰਿਕਾਂ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ ਕਿਉਂਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਦੇਸ਼ ਅੰਦਰ ਬੇਰੁਜ਼ਗਾਰੀ ਦੀ ਵਧੀ ਹੈ, ਇਹੀ ਕਾਰਨ ਹੈ ਕਿ ਅੱਜ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਚਾਲੇ ਪਾ ਰਹੇ ਹਨ। ਉਹ ਅੱਜ ਇਥੇ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਦੇਸ਼ ਦੀ ਵਾਗਡੋਰ ਮੋਦੀ ਸਰਕਾਰ ਨੇ ਸੰਭਾਲੀ ਹੈ, ਉਸੇ ਦਿਨ ਤੋਂ ਹੀ ਇੱਥੇ ਭੁੱਖਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ’ਚ ਵਾਧਾ ਹੋਇਆ ਹੈ। ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤੇ ਗਏ। ਸ੍ਰੀ ਗੜੀ ਨੇ ਕਿਹਾ ਕਿ ਪਛੜੇ ਵਰਗ ਨੂੰ ਦਿੱਤਾ ਜਾਣ ਵਾਲਾ ਰਾਖਵਾਂਕਰਨ ਵੀ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੇ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਮੋਦੀ ਸਰਕਾਰ ਨੇ ਲੰਬਾ ਸਮਾਂ ਤਾਲਾਬੰਦੀ ਕਰ ਕੇ ਛੋਟੇ ਕਾਰੋਬਾਰਾਂ ਨੂੰ ਫੇਲ੍ਹ ਕਰ ਕੇ ਰੱਖ ਦਿੱਤਾ। ਉਨਾਂ ਕਿਹਾ ਕਿ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ’ਤੇ ਲਿਜਾਉਣ ਲਈ ਬਸਪਾ ਦੀ ਸਰਕਾਰ ਬਣਨੀ ਬੇਹੱਦ ਜ਼ਰੂਰੀ ਹੈ ਕਿਉਂਕਿ ਕੁਮਾਰੀ ਮਾਇਆਵਤੀ ਹੀ ਦੇਸ਼ ਨੂੰ ਮਜ਼ਬੂਤੀ ਵੱਲ ਲੈ ਜਾ ਸਕਦੇ ਹਨ। ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਛੜਬੜ, ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਜਗਦੀਸ਼ ਰਾਮ, ਹਰਪ੍ਰੀਤ ਸਿੰਘ ਸੁੰਡਰਾ, ਹਨੀ ਸਿੰਘ ਲਾਲੜੂ,ਕਰਮਜੀਤ ਕੌਰ ਬਡਾਨਾ, ਮਾਸਟਰ ਸੁਭਾਸ਼ ਸਿੰਘ ਮੀਰਪੁਰਾ ਹਾਜ਼ਰ ਸਨ।