ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਛੱਤਬੀੜ ਚਿੜੀਆਘਰ ਵਿੱਚ ਮਨਾਏ ਜਾ ਰਹੇ ਜੰਗਲੀ ਜੀਵ ਸੁਰੱਖਿਆ ਹਫ਼ਤੇ ਦੇ ਪੰਜਵੇਂ ਦਿਨ ਅੱਜ ਹਾਥੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ‘ਜ਼ੂ ਕੀਪਰ ਟਾਕ’ ਕਰਵਾਈ ਗਈ ਜਿਸ ਵਿੱਚ ਛੱਤਬੀੜ ਚਿੜੀਆਘਰ ਵਿੱਚ ਮੌਜੂਦ ਚਾਰ ਮਹਾਵਤਾਂ ਨੇ ਹਿੱਸਾ ਲਿਆ। ਉਂਜ, ਅੱਜ ਦਸਹਿਰੇ ਦੇ ਤਿਉਹਾਰ ਵਾਲੇ ਦਿਨ ਸੈਲਾਨੀਆਂ ਦੀ ਭੀੜ ਆਮ ਦਿਨਾਂ ਤੋਂ ਘੱਟ ਸੀ। ਛੱਤਬੀੜ ਚਿੜੀਆਘਰ ਦੇ ਐਜੂਕੇਟਰ ਅਫ਼ਸਰ ਹਰਪਾਲ ਸਿੰਘ ਨੇ ਦੱਸਿਆ ਕਿ ਛੱਤਬੀੜ ਚਿੜੀਆਘਰ ਵਿੱਚ ਚਾਰ ਮਹਾਵਤ ਹਨ, ਜੋ 20 ਸਾਲਾਂ ਤੋਂ ਹਾਥੀਆਂ ਦੀ ਦੇਖਭਾਲ ਕਰ ਰਹੇ ਹਨ। ਇਨ੍ਹਾਂ ਵਿੱਚ ਮਹਾਵਤ ਮੰਜੈ ਬੋਰੋ, ਅਜੀਤ ਠਾਕਰਿਆ, ਜੀਵਨ ਦਾਸ ਅਤੇ ਅਖ਼ਤਰ ਖਾਨ ਜੋ ਆਸਾਮ ਤੋਂ ਹਾਥੀਆਂ ਦੇ ਨਾਲ ਹੀ ਇੱਥੇ ਆਏ ਸਨ। ਉਨ੍ਹਾਂ ਨੇ ਸੈਲਾਨੀਆਂ ਨੂੰ ਹਾਥੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਥੀ ਸ਼ਾਕਾਹਾਰੀ ਜਾਨਵਰ ਹੈ, ਜੋ ਬਹੁਤ ਸ਼ਾਂਤ ਰਹਿੰਦਾ ਹੈ। ਜੇ ਉਸ ਨੂੰ ਗੁੱਸਾ ਆ ਜਾਵੇ ਤਾਂ ਉਸ ਨੂੰ ਕਾਬੂ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਕ ਹਾਥੀ ਦਿਨ ਵਿੱਚ 100 ਤੋਂ 150 ਕਿਲੋ ਖਾਣਾ ਖਾ ਸਕਦਾ ਹੈ। ਹਾਥੀ ਆਮ ਤੌਰ ’ਤੇ ਹਰੇ-ਭਰੇ ਬੂਟੇ, ਪੱਤੇ, ਦਰੱਖ਼ਤਾਂ ਦੀ ਟਾਹਣੀਆਂ, ਛਿੱਲ, ਜੜ੍ਹਾਂ, ਫਲ ਅਤੇ ਝਾੜੀਆਂ ਖਾਂਦਾ ਹੈ। ਇਸ ਤੋਂ ਇਲਾਵਾ ਹਾਥੀ ਕੇਲਾ ਅਤੇ ਗੰਨਾ ਬੜੇ ਸ਼ੌਕ ਨਾਲ ਖਾਂਦਾ ਹੈ। ਇਸ ਮੌਕੇ ਸੈਲਾਨੀਆਂ ਨੇ ਹਾਥੀਆਂ ਨਾਲ ਸੈਲਫੀਆਂ ਵੀ ਲਈਆਂ ਅਤੇ ਮਹਾਵਤਾਂ ਤੋਂ ਹਾਥੀਆਂ ਦੇ ਰਹਿਣ-ਸਹਿਣ ਬਾਰੇ ਜਾਣਕਾਰੀ ਹਾਸਲ ਕੀਤੀ।