ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੂਨ
ਸ਼ਿਮਲਾਪੁਰੀ ਦੇ ਕੁਆਲਿਟੀ ਚੌਕ ਇਲਾਕੇ ’ਚ ਦੋ ਦਿਨ ਪਹਿਲਾਂ ਰੰਜਿਸ਼ ਤਹਿਤ ਗੈਂਗਸਟਰ ਕਾਂਚਾ ਤੇ ਊਸ ਦੇ ਸਾਥੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ’ਚ ਜ਼ਖ਼ਮੀ ਹੋਏ ਦੋ ਦੋਸਤਾਂ ਵਿਚੋਂ ਇਕ ਨੇ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਪਿੰਡ ਬੁਲਾਰਾ ਵਾਸੀ ਰਮਨਦੀਪ ਸਿੰਘ ਵਜੋਂ ਹੋਈ ਹੈ। ਉਸ ਦਾ ਦੋਸਤ ਗਗਨਦੀਪ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ। ਗੈਂਗਸਟਰ ਕਾਂਚਾ ਨੇ ਆਪਣੇ ਭਰਾ ’ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਗਗਨਦੀਪ ਨੂੰ ਬੁਲਵਾਇਆ ਸੀ ਪਰ ਗਗਨ ਆਪਣੇ ਨਾਲ ਰਮਨ ਨੂੰ ਵੀ ਲੈ ਗਿਆ ਤੇ ਹਮਲੇ ’ਚ ਉਸ ਦੀ ਜਾਨ ਚਲੀ ਗਈ। ਥਾਣਾ ਸ਼ਿਮਲਾਪੁਰੀ ਪੁਲੀਸ ਨੇ ਸੋਨੂੰ ਕਾਂਚਾ, ਸੋਨੂੰ ਕੁਮਾਰ, ਵਿਜੈ ਕੁਮਾਰ, ਜਸਵਿੰਦਰ ਸਿੰਘ, ਕਰਮਨੀ, ਬੋਨਾ ਤੇ 6 ਹੋਰਨਾਂ ਖ਼ਿਲਾਫ਼ ਦਰਜ ਕੇਸ ਵਿਚ ਕਤਲ ਦੀ ਕੋਸ਼ਿਸ਼ ਦੇ ਨਾਲ ਕਤਲ ਦੀ ਧਾਰਾ ਵੀ ਜੋੜ ਦਿੱਤੀ ਹੈ।