ਦਿਲਬਾਗ ਸਿੰਘ ਗਿੱਲ
ਅਟਾਰੀ, 21 ਅਕਤੂਬਰ
ਅਟਾਰੀ ਸਰਹੱਦ ਦੇ ਬਾਹਰ ਸੰਗਠਿਤ ਚੈੱਕ ਪੋਸਟ ਗੇਟ ਦੇ ਸਾਹਮਣੇ ਅੱਜ ਤੜਕਸਾਰ ਇੱਕ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਸੀਮਾ ਸੁਰੱਖਿਆ ਬਲ ਵੱਲੋਂ ਲਗਾਏ ਬੈਰੀਕੇਡ ਨੂੰ ਤੋੜ ਦਿੱਤਾ। ਪੁਲੀਸ ਚੌਕੀ ਕਾਹਨਗੜ੍ਹ ਦੇ ਮੁਤਾਬਕ ਤੜਕੇ ਲਗਪਗ 2 ਵਜੇ ਅੰਮ੍ਰਿਤਸਰ ਵਾਲੇ ਪਾਸਿਓਂ ਤੇਜ਼ ਰਫ਼ਤਾਰ ਨਾਲ ਆਈ ਇੱਕ ਚਿੱਟੇ ਰੰਗ ਦੀ ਇਨੋਵਾ ਗੱਡੀ ਸੀਮਾ ਸੁਰੱਖਿਆ ਬਲ ਵੱਲੋਂ ਅਟਾਰੀ ਸਰਹੱਦ ਦੇ ਬਾਹਰ ਸੰਗਠਿਤ ਚੈੱਕ ਪੋਸਟ ਦੇ ਸਾਹਮਣੇ ਸੁਰੱਖਿਆ ਲਈ ਲਾਏ ਗਏ ਬੈਰੀਕੇਡਾਂ ਵਿੱਚ ਆ ਵੱਜੀ ਤੇ ਇੱਕ ਬੈਰੀਕੇਡ ਨੂੰ 50-60 ਮੀਟਰ ਦੂਰ ਤੱਕ ਖਿੱਚ ਕੇ ਲੈ ਗਈ। ਉਨ੍ਹਾਂ ਦੱਸਿਆ ਕਿ ਜਿੱਥੇ ਇਹ ਗੱਡੀ ਵੱਜੀ ਹੈ, ਬੈਰੀਅਰ ਦੇ ਦੂਸਰੇ ਪਾਸੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦਾ ਜਵਾਨ ਖੜ੍ਹਾ ਸੀ ਪਰ ਉਸ ਦਾ ਬਚਾਅ ਹੋ ਗਿਆ। ਉਨ੍ਹਾਂ ਮੁਤਾਬਕ ਇਨੋਵਾ ਗੱਡੀ ਦੇ ਡਰਾਈਵਰ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਇਸਲਾਮਾਬਾਦ, ਅੰਮ੍ਰਿਤਸਰ ਵਜੋਂ ਹੋਈ ਹੈ। ਸੀਮਾ ਸੁਰੱਖਿਆ ਬਲ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ।