ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 2 ਸਤੰਬਰ
ਪੱਟੀ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗਿਰਜਾਘਰ ਵਿੱਚ ਕੀਤੀ ਗਈ ਭੰਨ੍ਹ ਤੋੜ ਮਗਰੋਂ ਪੰਜਾਬ ਸਰਕਾਰ ਧਰਮ ਅਸਥਾਨਾਂ ਦੀ ਸੁਰੱਖਿਆ ਸਬੰਧੀ ਹੋਰ ਚੌਕਸ ਹੋ ਗਈ ਹੈ। ਅੱਜ ਇਸ ਸਬੰਧ ਵਿੱਚ ਏਡੀਜੀਪੀ ਡਾ. ਨਰੇਸ਼ ਅਰੋੜਾ ਨੇ ਇੱਥੇ ਵੱਖ-ਵੱਖ ਫਿਰਕਿਆਂ ਦੇ ਧਰਮ ਅਸਥਾਨਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਹ ਰਾਣੀ ਕਾ ਬਾਗ ਸਥਿਤ ਮਾਤਾ ਲਾਲ ਦੇਵੀ ਮੰਦਿਰ, ਛੇਹਰਟਾ ਸਥਿਤ ਪੰਚ ਰਤਨ ਮੰਦਰ, ਗੁੰਮਟਾਲਾ ਬਾਈਪਾਸ ਸਥਿਤ ਸੇਂਟ ਮੈਰੀ ਕੈਥੋਲਿਕ ਚਰਚ, ਸੇਂਟ ਪਾਲ ਚਰਚ, ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ ਤੇ ਹੋਰ ਧਰਮ ਅਸਥਾਨਾਂ ਦਾ ਦੌਰਾ ਕੀਤਾ ਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨਾਲ ਪੁਲੀਸ ਕਮਿਸ਼ਨਰ ਅਰੁਣਪਾਲ ਸਿੰਘ, ਡਿਪਟੀ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮਗਰੋਂ ਉਨ੍ਹਾਂ ਪੁਲੀਸ ਅਧਿਕਾਰੀਆਂ ਤੇ ਧਰਮ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਧਰਮ ਸਥਾਨਾਂ ਦੀਆਂ ਇਮਾਰਤਾਂ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲਗਾਉਣ ਦੀ ਹਦਾਇਤ ਕੀਤੀ।