ਇਕਬਾਲ ਸਿੰਘ ਸ਼ਾਂਤ
ਲੰਬੀ, 17 ਜੁਲਾਈ
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਝੂਠੀਆਂ ਸਹੁੰਆਂ ਅਤੇ ਫੋਕੇ ਚੋਣ ਵਾਅਦਿਆਂ ਤੋਂ ਝੰਬਿਆ ਪੰਜਾਬ ਦਾ ਹਰੇਕ ਵਰਗ ਹੱਕਾਂ ਖਾਤਰ ਸੜਕਾਂ ’ਤੇ ਉੱਤਰਿਆ ਹੋਇਆ ਹੈ। ਦੂਜੇ ਪਾਸੇ ਕਰੋਨਾ, ਬੇਰਜ਼ੁਗਾਰੀ, ਬਿਜਲੀ ਤੇ ਖੇਤੀ ਸੰਕਟ ਸਮੇਤ ਲੋਕਾਂ ਦੇ ਅਣਗਿਣਤ ਮਸਲਿਆਂ ਨੂੰ ਪਾਸੇ ਕਰ ਕੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਕੁਰਸੀ ਲਈ ਦਿੱਲੀ ਗੇੜੇ ਮਾਰ ਰਹੇ ਹਨ। ਹਰਸਿਮਰਤ ਨੇ ਆਖਿਆ ਕਿ ਮੁੱਖ ਮੰਤਰੀ ਦੀ ਮਿਲੀਭੁਗਤ ਨਾਲ ਨਿੱਜੀ ਹਸਪਤਾਲਾਂ ਨੂੰ ਕੋਵਿਡ ਵੈਕਸੀਨ ਵੇਚ ਕੇ ਜੇਬਾਂ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬੇ ਦੇ ਮੁੱਖ ਸਕੱਤਰ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਰਕਾਰੀ ਦੀ ਜਗ੍ਹਾ ਨਿੱਜੀ ਹਸਪਤਾਲਾਂ ’ਚੋਂ ਵੈਕਸੀਨ ਲਗਵਾਉਣ ਦੀ ਗੱਲ ਆਖੀ ਸੀ। ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਨਰਕ ਬਣਾ ਦਿੱਤਾ ਹੈ ਤੇ ਹੁਣ ਪੰਜਾਬ ਦੀ ਜਨਤਾ ਨੂੰ ਵੀ ਮੁਫ਼ਤ ਬਿਜਲੀ ਦੇਣ ਦਾ ਲਾਲਚ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ’ਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹਰ ਕੁਰਬਾਨੀ ਦਿੱਤੀ ਹੈ ਅਤੇ ਹੁਣ ਵੀ ਪੰਜਾਬ ਦੀ ਏਕਤਾ ਬਰਕਰਾਰ ਰੱਖਣ ਲਈ ਹਿੰਦੂ ਤੇ ਦਲਿਤ ਉਪ ਮੁੱਖ ਮੰਤਰੀ ਬਣਾਉਣ ਬਾਰੇ ਐਲਾਨ ਕੀਤਾ ਗਿਆ ਹੈ। ਇਸ ਐਲਾਨ ਸਬੰਧੀ ਅੱਜ ਵੱਡੀ ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਅਕਾਲੀ ਦਲ ਦਾ ਧੰਨਵਾਦ ਕੀਤਾ। ਇਸ ਮੌਕੇ ਸਰੂਪ ਚੰਦ ਸਿੰਗਲਾ, ਅਗਰਵਾਲ ਸਭਾ ਡੱਬਵਾਲੀ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਸਤੀਸ਼ ਕਾਲਾ ਸਮੇਤ ਹੋਰ ਹਾਜ਼ਰ ਸਨ।