ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 15 ਫਰਵਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨਾਲ ਸਬੰਧਤ ਦੇਸ਼ ਭਰ ਦੇ ਅਧਿਆਪਕਾਂ ਨੂੰ ਇੰਟੈੱਲ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਬੰਧੀ ਪਾਠ ਪੜ੍ਹਾਇਆ ਜਾਵੇਗਾ। ਸੀਬੀਐੱਸਈ ਵੱਲੋਂ ਇਸ ਸਬੰਧੀ ਇੰਟੈੱਲ ਨਾਲ ਨਵਾਂ ਕਰਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੰਟੈੱਲ ਵੱਲੋਂ ਸਿਰਫ਼ ਵਿਦਿਆਰਥੀਆਂ ਨੂੰ ਹੀ ਏਆਈ ਸਬੰਧੀ ਸਿਖਲਾਈ ਦੇਣ ਲਈ ਕਰਾਰ ਕੀਤਾ ਗਿਆ ਸੀ, ਜੋ ਕਰੋਨਾ ਕਾਰਨ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਪਰ ਉਸ ਨੂੰ ਹੁਣ ਜਲਦੀ ਹੀ ਮੁਕੰਮਲ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਸੀਬੀਐੱਸਈ ਨੇ ਸਕੂਲਾਂ ਮੁਖੀਆਂ ਨੂੰ ਆਪਣੇ ਅਧਿਆਪਕਾਂ ਲਈ ਸਿਖਲਾਈ ਦਾ ਪ੍ਰਬੰਧ ਕਰਨ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੰਪਿਊਟਰ ਤੇ ਰੋਬੋਟ ਨੂੰ ਮਨੁੱਖੀ ਦਿਮਾਗ ਦਿੱਤਾ ਜਾਂਦਾ ਹੈ, ਜੋ ਮਨੁੱਖਾਂ ਵਾਂਗ ਸੋਚਦੇ ਤੇ ਕੰਮ ਕਰਦੇ ਹਨ। ਇਨ੍ਹਾਂ ਵਿੱਚ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ, ਜਿਸ ਨਾਲ ਇਹ ਮਨੁੱਖੀ ਭਾਸ਼ਾ ਨੂੰ ਵੀ ਮਸ਼ੀਨੀ ਭਾਸ਼ਾ ਵਿੱਚ ਬਦਲ ਦਿੰਦੇ ਹਨ।
ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਬਾਇਓਮੀਟ੍ਰਿਕ, ਸੈਂਸਰ ਤੇ ਰੋਬੋਟਿਕ ਕੰਮ ਆਉਂਦਾ ਹੈ। ਸੀਬੀਐੱਸਈ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਮਾਜਿਕ ਤੇ ਤਕਨੀਕੀ ਮੁਹਾਰਤ ਵਧਾਈ ਜਾਵੇਗੀ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿਸ਼ਾ ਵੀ ਦੇਸ਼ ਭਰ ਦੇ ਸਕੂਲਾਂ ਵਿੱਚ ਅਪਰੈਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਲਈ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜੇ ਅਧਿਆਪਕ ਵੀ ਇਸ ਵਿਸ਼ੇ ਪ੍ਰਤੀ ਜਾਗਰੂਕ ਹੋਣਗੇ ਤਾਂ ਹੀ ਵਿਦਿਆਰਥੀਆਂ ਨੂੰ ਇਹ ਵਿਸ਼ਾ ਸਿੱਖਣ ਲਈ ਵਧੇਰੇ ਮਦਦ ਮਿਲੇਗੀ। ਪਹਿਲੇ ਪੜਾਅ ’ਚ ਪ੍ਰਿੰਸੀਪਲਾਂ ਤੇ ਵਾਈਸ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਮਗਰੋਂ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਪੜ੍ਹਾਉਣ ਦੇ ਤਰੀਕੇ ਸੁਧਾਰਨ ਲਈ ਪ੍ਰੋਗਰਾਮ
ਸੀਬੀਐੱਸਈ ਨੇ ਸਕੂਲ ਮੁਖੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਅਧਿਆਪਕਾਂ ਦੇ ਪੜ੍ਹਾਉਣ ਦੇ ਤਰੀਕੇ ਵਿੱਚ ਬਦਲਾਅ ਲਿਆਉਣ ’ਤੇ ਜ਼ੋਰ ਦਿੱਤਾ। ਅੱਜ ਸਕੂਲ ਮੁਖੀਆਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਉਹ ਹਰ ਵਿਸ਼ੇ ਦੇ ਅਧਿਆਪਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਮਹੱਤਵ ਬਾਰੇ ਜਾਣੂ ਕਰਵਾਉਣ ਤੇ ਉਨ੍ਹਾਂ ਲਈ ਤਿੰਨ ਦਿਨ ਦਾ ਵਿਸ਼ੇਸ਼ ਸੈਸ਼ਨ ਕਰਵਾਉਣ। ਇੰਟੈੱਲ ਨੇ ਪਿਛਲੇ ਸਾਲ ਸੀਬੀਐੱਸਈ ਨਾਲ ਸਮਝੌਤਾ ਕੀਤਾ ਸੀ, ਜਿਸ ਤਹਿਤ ਦੇਸ਼ ਭਰ ਦੇ ਇੱਕ ਲੱਖ ਵਿਦਿਆਰਥੀਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਮੁਹਾਰਤ ਦਿਵਾਉਣੀ ਸੀ ਪਰ ਕਰੋਨਾ ਕਾਰਨ ਇਸ ਸਿਖਲਾਈ ਨੂੰ ਮੁਕੰਮਲ ਨਹੀਂ ਕੀਤਾ ਗਿਆ ਸੀ। ਹੁਣ ਇੰਟੈੱਲ ਵੱਲੋਂ ਰਹਿੰਦੇ ਵਿਦਿਆਰਥੀਆਂ ਨੂੰ ਇਸ ਪ੍ਰਾਜੈਕਟ ਹੇਠ ਲਿਆਂਦਾ ਜਾਵੇਗਾ।