ਗਗਨਦੀਪ ਅਰੋੜਾ
ਲੁਧਿਆਣਾ, 4 ਫਰਵਰੀ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਸਾਲ ਨਵੰਬਰ ਤੋਂ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ, ਵਿਦਿਅਕ ਅਤੇ ਖੇਤੀਬਾੜੀ ’ਚ ਮਦਦ ਦੇਣ ਲਈ ਸੂਬੇ ਦੇ ਬੁੱਧੀਜੀਵੀਆਂ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਹੁਣ ਤੱਕ ‘ਸ਼ਹੀਦ’ ਹੋਏ 173 ਕਿਸਾਨਾਂ ਦੇ ਪਰਿਵਾਰਾਂ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਹੁਣ ਬੁੱਧੀਜੀਵੀਆਂ ਅਤੇ ਪ੍ਰੋਫੈਸਰਾਂ ਵੱਲੋਂ ਚੁੱਕੀ ਜਾਵੇਗੀ। ਇਸ ਕਾਰਜ ਲਈ ਆਤਮ ਪਰਗਾਸ ਸੋਸ਼ਲ ਵੈਲਫੇਅਰ ਕੌਂਸਲ ਦੇ ਡਾਇਰੈਕਟਰ ਅਤੇ ਸਾਬਕਾ ਉਪ ਕੁਲਪਤੀ ਡਾ. ਨਛੱਤਰ ਸਿੰਘ ਦੀ ਅਗਵਾਈ ਹੇਠ ਇੱਕ ਵੈੱਬਸਾਈਟ ਬਣਾਈ ਗਈ ਹੈ, ਜਿਸ ਰਾਹੀਂ ‘ਸ਼ਹੀਦ’ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਿਆ ਜਾਵੇਗਾ। ਕਿਸਾਨਾਂ ਦੀ ਹਮਾਇਤ ਵਿਚ ਸਨਮਾਨ ਮੋੜਨ ਵਾਲੇ ਪੀਏਯੂ ਦੇ ਵਿਗਿਆਨੀ ਅਤੇ ਕੌਂਸਲ ਦੇ ਚੇਅਰਮੈਨ ਡਾ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਆਪਣੇ ਲਈ ਨਹੀਂ ਬਲਕਿ ਲੋਕਾਂ ਲਈ ਦਿੱਲੀ ’ਚ ਡਟੇ ਹੋਏ ਹਨ। ‘ਉਥੇ ‘ਸ਼ਹੀਦ’ ਹੋਏ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਹੁਣ ਹਰ ਪੱਖੋਂ ਮਦਦ ਦੀ ਲੋੜ ਹੈ, ਜਿਸ ਲਈ ਹੁਣ ਸੂਬੇ ਦੇ ਬੁੱੱਧੀਜੀਵੀਆਂ ਨਾਲ ਮਿਲ ਕੇ ਉਪਰਾਲਾ ਕੀਤਾ ਗਿਆ ਹੈ।’ ਉਨ੍ਹਾਂ ਦੱਸਿਆ ਕਿ ਇਕ ਟੀਮ ਪਹਿਲਾਂ ਕਿਸਾਨਾਂ ਦੇ ਘਰਾਂ ਵਿਚ ਜਾ ਕੇ ਉਨ੍ਹਾਂ ਦੀਆਂ ਲੋੜਾਂ ਪੁੱਛ ਕੇ ਆਈ ਹੈ। ਡਾ. ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਵੈੱਬਸਾਈਟ 7 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਉਪ ਕੁਲਪਤੀ ਡਾ. ਕਿਰਪਾਲ ਸਿੰਘ ਔਲਖ, ਡਾ. ਇੰਦਰਜੀਤ ਸਿੰਘ, ਡਾ. ਐੱਸ ਪੀ ਸਿੰਘ, ਡਾ. ਮਨਜੀਤ ਸਿੰਘ ਕੰਗ ਅਤੇ ਡਾ. ਗੁਰਸ਼ਰਨ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਦੀ ਖਾਸ ਗੱਲ ਇਹ ਰਹੇਗੀ ਕਿ ਜਿਨ੍ਹਾਂ ਬੁੱਧੀਜੀਵੀਆਂ ਨੂੰ ਕਿਸਾਨਾਂ ਦੇ ਪਰਿਵਾਰਾਂ ਦੀ ਦੇਖ-ਰੇਖ ਦਾ ਕੰਮ ਦਿੱਤਾ ਜਾਵੇਗਾ, ਉਹ ਮਹੀਨੇ ਵਿਚ ਇੱਕ ਵਾਰ ਆਪਣੇ ਪਰਿਵਾਰ ਸਣੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣਗੇ ਤਾਂ ਜੋ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਹ ਲੱਗੇ ਕਿ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਨਾਲ ਲੋਕ ਨਾਲ ਖੜ੍ਹੇ ਹਨ।