ਰਾਜਿੰਦਰ ਵਰਮਾ
ਭਦੌੜ, 21 ਫਰਵਰੀ
ਥਾਣਾ ਭਦੌੜ ਦੀ ਪੁਲੀਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਦੇ ਡਰਾਈਵਰ ਹਰਦੀਪ ਸਿੰਘ ਵਾਸੀ ਧੂਰਕੋਟ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਕਾਂਗਰਸੀ ਆਗੂ ਰਾਜਵੀਰ ਸਿੰਗਲਾ ਦੇ ਬਿਆਨਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਵੋਟਾਂ ਵਾਲੇ ਦਿਨ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਜਦੋਂ ਪੋਲਿੰਗ ਬੂਥਾਂ ਦਾ ਜਾਇਜ਼ਾ ਲੈ ਕੇ ਵਾਪਸ ਜਾਣ ਲੱਗੇ ਤਾਂ ਕਾਂਗਰਸੀ ਆਗੂ ਰਾਜਵੀਰ ਸਿੰਗਲਾ ਦੀ ਦੁਕਾਨ ’ਤੇ ਉਨ੍ਹਾਂ ਦੇ ਪੁੱਤਰ ਸਮੇਤ ਇਕੱਠੇ ਹੋਏ ਕਈ ਨੌਜਵਾਨ ਲਾਭ ਸਿੰਘ ਦੀ ਗੱਡੀ ਅੱਗੇ ਖੜ੍ਹੇ ਹੋ ਗਏ। ਜਦੋਂ ਲਾਭ ਸਿੰਘ ਦੇ ਡਰਾਈਵਰ ਨੇ ਬਚਣ ਲਈ ਗੱਡੀ ਅੱਗੇ ਤੋਰੀ ਤਾਂ ਕਾਂਗਰਸੀ ਆਗੂ ਰਾਜਵੀਰ ਸਿੰਗਲਾ ਦਾ ਬੇਟਾ ਵਿਸ਼ਾਲ ਸਿੰਗਲਾ ਗੱਡੀ ਦੇ ਬੋਨਟ ’ਤੇ ਚੜ੍ਹ ਗਿਆ ਤੇ ਉਥੋਂ ਡਿੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ।
ਇਸ ਸਬੰਧੀ ਲਾਭ ਸਿੰਘ ਨੇ ਕਿਹਾ ਸੀ ਕਿ ਜੇ ਉਹ ਉਸ ਘੇਰੇ ’ਚੋਂ ਗੱਡੀ ਨਾ ਤੋਰਦੇ ਤਾਂ ਹਾਲਾਤ ਵਿਗੜ ਸਕਦੇ ਸਨ। ਦੂਜੇ ਪਾਸੇ ਕਾਂਗਰਸੀ ਆਗੂ ਰਾਜਵੀਰ ਸਿੰਗਲਾ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਬੇਟਾ ਵਿਸ਼ਾਲ ਆਪਣੇ ਦੋਸਤਾਂ ਨਾਲ ਵੋਟ ਪਾਉਣ ਜਾ ਰਿਹਾ ਸੀ ਤਾਂ ਲਾਭ ਸਿੰਘ ਨੇ ਆਪਣੀ ਗੱਡੀ ਵਿਸ਼ਾਲ ਵੱਲ ਸਿੱਧੀ ਕਰ ਦਿੱਤੀ। ਵਿਸ਼ਾਲ ਨੇ ਗੱਡੀ ਦੇ ਬੋਨਟ ਤੇ ਚੜ੍ਹ ਕੇ ਆਪਣੀ ਜਾਨ ਬਚਾਈ।
ਥਾਣਾ ਭਦੌੜ ਦੇ ਮੁੱਖ ਅਫਸਰ ਰਮਨਦੀਪ ਸਿੰਘ ਨੇ ਦੱਸਿਆ ਕਿ ਕਾਂਗਰਸੀ ਆਗੂ ਰਾਜਵੀਰ ਸਿੰਗਲਾ ਦੇ ਬਿਆਨਾਂ ਦੇ ਆਧਾਰ ’ਤੇ ਲਾਭ ਸਿੰਘ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।