ਪੱਤਰ ਪ੍ਰੇਰਕ
ਜਲੰਧਰ, 27 ਅਕਤੂਬਰ
ਦਿਹਾਤੀ ਪੁਲੀਸ ਨੇ ਅੰਤਰ-ਰਾਜੀ ਅਫੀਮ ਤਸਕਰ ਗਰੋਹ ਦਾ ਪਰਦਾਫਾਸ਼ ਕਰਦਿਆਂ ਸਵਾ ਦੋ ਕਿੱਲੋ ਤੋਂ ਵੱਧ ਅਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ ਸੱਤਾ ਵਾਸੀ ਪਿੰਡ ਖੁੰਡਾ, ਥਾਣਾ ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੇ ਇਸ ਕਾਰਵਾਈ ਦੀ ਅਗਵਾਈ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪਤਾਰਾ ਕੋਲ ਜੀਟੀ ਰੋਡ ’ਤੇ ਇੱਕ ਟਰੱਕ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਇਸ ਦੌਰਾਨ ਤਲਾਸ਼ੀ ਲੈਣ ’ਤੇ ਡਰਾਈਵਰ ਦੀ ਸੀਟ ਪਿੱਛੇ ਇੱਕ ਡੱਬੇ ਵਿੱਚ ਛੁਪਾਈ 2.31 ਕਿਲੋ ਅਫੀਮ ਬਰਾਮਦ ਹੋਈ। ਇਸ ਸਬੰਧੀ ਪਤਾਰਾ ਦੇ ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਮੁੱਢਲੀ ਪੁੱਛ-ਪੜਤਾਲ ਤੋਂ ਪਤਾ ਲੱਗਿਆ ਕਿ ਸਤਨਾਮ ਸਿੰਘ ਨੇ ਪੰਜਾਬ ਵਿੱਚ ਵੰਡਣ ਲਈ ਅਫੀਮ ਝਾਰਖੰਡ ਤੋਂ ਖ਼ਰੀਦੀ ਸੀ। ਮੁਲਜ਼ਮ ਨੇ ਨਿੱਜੀ ਖਪਤ ਦੀ ਗੱਲ ਵੀ ਕਬੂਲੀ ਹੈ। ਉਸ ਨੇ ਬਾਕੀ ਬਚੀ ਅਫੀਮ ਨੂੰ ਪ੍ਰਚੂਨ ਭਾਅ ’ਤੇ ਵੇਚਣ ਦੀ ਯੋਜਨਾ ਬਣਾਈ ਸੀ।