ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਫਰਵਰੀ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਦੱਸਿਆ ਕਿ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਏ.ਬੀ.ਡੀ.) ਵੱਲੋਂ ਡਿਫਾਲਟਰ ਕਰਜ਼ਦਾਰਾਂ ਲਈ ਕਰਜ਼ਾ ਪੁਨਰਗਠਨ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕਰਜ਼ਦਾਰਾਂ ਲਈ ਮੁੜ ਤੈਅ ਕੀਤੀ ਬਕਾਇਆ ਰਕਮ ਦਾ 20 ਫ਼ੀਸਦੀ ਭੁਗਤਾਨ ਕਰਨ ’ਤੇ ਪੂਰਾ ਦੰਡਿਤ ਵਿਆਜ ਮੁਆਫ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਬੈਂਕ ਨੇ ਉਨ੍ਹਾਂ ਵਿਅਕਤੀਆਂ ਲਈ ਕਰਜ਼ਾ ਪੁਨਰਗਠਨ ਸਕੀਮ ਸ਼ੁਰੂ ਕੀਤੀ ਹੈ, ਜੋ ਆਪਣੀ ਮਾੜੀ ਵਿੱਤੀ ਹਾਲਤ ਕਾਰਨ ਆਪਣੀਆਂ ਕਿਸ਼ਤਾਂ ਦਾ ਭੁਗਤਾਨ ਨਹੀਂ ਕਰ ਸਕੇ। ਇਸ ਯੋਜਨਾ ਤਹਿਤ ਕਰਜ਼ਾ ਲੈਣ ਵਾਲੇ ਡਿਫਾਲਟਰਾਂ ਦੇ ਲੋਨ ਖਾਤਿਆਂ ਨੂੰ ਮੁੜ ਸੂਚੀਬੱਧ ਕੀਤਾ ਜਾਵੇਗਾ, ਜਿਸ ਨਾਲ ਉਹ ਆਪਣਾ ਕਰਜ਼ਾ ਆਸਾਨ ਕਿਸ਼ਤਾਂ ’ਚ ਵਾਪਸ ਕਰ ਸਕਣਗੇ। ਜੇ ਪੁਨਰਗਠਨ ਸਮੇਂ ਕਰਜ਼ਾ ਲੈਣ ਵਾਲਾ ਆਪਣੀ ਬਕਾਇਆ ਰਕਮ ਦਾ 20 ਫ਼ੀਸਦੀ ਭੁਗਤਾਨ ਕਰਦਾ ਹੈ ਤਾਂ ਉਸ ਦੇ ਖਾਤੇ ਵਿੱਚ ਬਕਾਇਆ ਸਾਰਾ ਦੰਡਿਤ ਵਿਆਜ ਮੁਆਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੈਂਕ ਨੇ ਕੋਵਿਡ-19 ਮਹਾਮਾਰੀ ਕਾਰਨ 1 ਮਾਰਚ, 2020 ਤੋਂ 31 ਅਗਸਤ, 2020 ਦੌਰਾਨ ਆਈਆਂ ਰੁਕਾਵਟਾਂ ਦੌਰਾਨ ਅਦਾਇਗੀ ਨਾ ਕੀਤੇ ਕਰਜ਼ੇ ਦੀਆਂ ਕਿਸ਼ਤਾਂ ’ਤੇ ਸਟੈਂਡਰਡ ਲੋਨ ਖਾਤਿਆਂ ਉਤੇ 6 ਮਹੀਨੇ ਦੀ ਛੋਟ ਦੇਣ ਦਾ ਵੀ ਫ਼ੈਸਲਾ ਲਿਆ ਹੈ। ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਨੇ ਕਿਹਾ ਕਿ ਬੈਂਕ ਨੇ ਦੰਡਿਤ ਵਿਆਜ ਮੁਆਫ਼ ਕਰਨ ਸਬੰਧੀ ਚੱਲ ਰਹੀ ਯੋਜਨਾ ਵਿੱਚ 31 ਮਾਰਚ, 2021 ਤਕ ਵਾਧਾ ਕੀਤਾ ਹੈ। ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਐਮ.ਡੀ. ਚਰਨਦੇਵ ਸਿੰਘ ਮਾਨ ਨੇ ਸਕੀਮ ਦੇ ਵੇਰਵੇ ਸਾਂਝੇ ਕੀਤੇ।