ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਅਕਤੂਬਰ
ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਅਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਲਈ ਅੱਜ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਣੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ ਗੁਰਦੁਆਰਾ ਸਾਰਾਗੜ੍ਹੀ ਤੋਂ ਸ੍ਰੀ ਦਰਬਾਰ ਸਾਹਿਬ ਤਕ ਝਾੜੂ ਮਾਰਨ ਦੀ ਸੇਵਾ ਕੀਤੀ, ਜੋ ਅਗਲੇ ਦੋ ਦਿਨ ਵੀ ਜਾਰੀ ਰਹੇਗੀ।
ਇਹ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਪਸ਼ਚਾਤਾਪ ਵਜੋਂ ਅਖੰਡ ਪਾਠ ਆਰੰਭ ਕਰਾਇਆ, ਜਿਸ ਦਾ ਭੋਗ 9 ਅਕਤੂਬਰ ਨੂੰ ਪਵੇਗਾ। ਅਖੰਡ ਪਾਠ ਆਰੰਭ ਹੋਣ ਮਗਰੋਂ ਸ੍ਰੀ ਲੌਂਗੋਵਾਲ ਅਤੇ ਬਾਕੀ ਅਹੁਦੇਦਾਰ ਤੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਦੁਆਰਾ ਸਾਰਾਗੜ੍ਹੀ ਪੁੱਜੇ, ਜਿਥੋਂ ਉਨ੍ਹਾਂ ਝਾੜੂ ਮਾਰਨ ਦੀ ਸੇਵਾ ਸ਼ੁਰੂ ਕੀਤੀ। ਉਨ੍ਹਾਂ ਨੇ ਵਿਰਾਸਤੀ ਮਾਰਗ ਵਿਚ ਸ੍ਰੀ ਹਰਿਮੰਦਰ ਸਾਹਿਬ ਤਕ ਝਾੜੂ ਮਾਰਿਆ। ਇਸ ਮੌਕੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਵਨ ਸਰੂਪ ਮਾਮਲੇ ਵਿਚ ਉਹ ਸਵੈ-ਇੱਛਾ ਨਾਲ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਏ ਸਨ, ਜਿਥੇ ਪੰਜ ਸਿੰਘ ਸਾਹਿਬਾਨ ਵਲੋਂ ਪਸ਼ਚਾਤਾਪ ਲਈ ਦੋ ਅਖੰਡ ਪਾਠ ਕਰਾਉਣ, ਤਿੰਨ ਦਿਨ ਝਾੜੂ ਮਾਰਨ ਦੀ ਸੇਵਾ ਕਰਨ ਅਤੇ ਇਕ ਮਹੀਨਾ ਸਮਾਗਮਾਂ ਵਿਚ ਸੰਬੋਧਨ ਨਾ ਕਰਨ ਦੀ ਸੇਵਾ ਲਾਈ ਗਈ। ਉਨ੍ਹਾਂ ਆਖਿਆ ਕਿ ਲੱਗੀ ਸੇਵਾ ਮੁਤਾਬਕ ਗੁਰਦੁਆਰਾ ਸ੍ਰੀ ਰਾਮਸਰ ਵਿੱਚ 5 ਤੋਂ 7 ਅਕਤੂਬਰ ਤਕ ਇਕ ਅਖੰਡ ਪਾਠ ਕਰਾਇਆ ਹੈ, ਜਿਸ ਦਾ ਭੋਗ ਅੱਜ ਪਾਇਆ ਗਿਆ। ਇਸ ਉਪਰੰਤ ਸ੍ਰੀ ਅਕਾਲ ਤਖਤ ਵਿੱਚ ਦੂਜਾ ਅਖੰਡ ਪਾਠ ਆਰੰਭ ਕਰਨ ਮਗਰੋਂ ਝਾੜੂ ਮਾਰਨ ਦੀ ਸੇਵਾ ਕੀਤੀ ਗਈ। ਰਾਜਸਥਾਨ ਤੋਂ ਆਏ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਨ। ਸੇਵਾ ਕਰਨ ਵਾਲਿਆਂ ਵਿਚ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਸ਼ਾਮਲ ਸਨ।
ਤਿੰਨ ਮੈਂਬਰ ਗੈਰਹਾਜ਼ਰ ਰਹੇ
ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਗਈ ਸੇਵਾ ਦੌਰਾਨ ਤਿੰਨ ਅੰਤ੍ਰਿੰਗ ਕਮੇਟੀ ਮੈਂਬਰ ਗੈਰ ਹਾਜ਼ਰ ਰਹੇ, ਜਿਨ੍ਹਾਂ ਵਿੱਚ ਪਰਮਜੀਤ ਕੌਰ, ਜਸਮੇਰ ਸਿੰਘ ਅਤੇ ਇੰਦਰ ਮੋਹਨ ਸਿੰਘ ਸ਼ਾਮਲ ਹਨ। ਇਨ੍ਹਾਂ ਵਿੱਚੋਂ 2 ਦੀ ਸਿਹਤ ਠੀਕ ਨਹੀਂ ਹੈ।