ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਜਨਵਰੀ
ਸਿੱਖ ਬੰਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਰੱਦ ਕੀਤੇ ਜਾਣ ਵਿਰੁੱਧ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਨਿੰਦਾ ਮਤਾ ਪਾਸ ਕਰਦਿਆਂ ਕੇਂਦਰ ਸਰਕਾਰ ਦਾ ਦਖਲ ਮੰਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪ੍ਰੋ. ਭੁੱਲਰ ਦੀ ਰਿਹਾਈ ਸਬੰਧੀ ਦਿੱਲੀ ਸਰਕਾਰ ਦੇ ਨਾਂਹਪੱਖੀ ਰਵੱਈਏ ਦੀ ਅੱਜ ਅੰਤ੍ਰਿੰਗ ਕਮੇਟੀ ਵੱਲੋਂ ਨਿਖੇਧੀ ਕੀਤੀ ਗਈ ਹੈ। ਇਸ ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਭਾਰਤ ਸਰਕਾਰ ਕੋਲ ਵੀ ਜਾਵੇਗੀ ਅਤੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬਾਕੀ ਸਿੱਖ ਬੰਦੀਆਂ ਨੂੰ ਵੀ ਰਿਹਾਅ ਕਰਨ ਦੀ ਮੰਗ ਕੀਤੀ ਹੈ। ਅੰਤ੍ਰਿੰਗ ਕਮੇਟੀ ਨੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਦਾ ਨਾਂ ਦੇਣ ਦੇ ਮਾਮਲੇ ਵਿੱਚ ਕੇਂਦਰ ਨੂੰ ਕਾਹਲੀ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਰਾਜਸਥਾਨ ਨਾਲ ਸਬੰਧਤ ਸਵਾਮੀ ਬ੍ਰਹਮਦੇਵ ਡੇਰੇ ਵੱਲੋਂ ਗੁਰਬਾਣੀ ਦੀਆਂ ਤੁਕਾਂ ਬਦਲਣ ਦੀ ਕਾਰਵਾਈ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ, ਜਿਸ ’ਤੇ ਅੱਜ ਸਬੰਧਤ ਧਿਰ ਨੇ ਮੁਆਫ਼ੀਨਾਮਾ ਭੇਜਿਆ ਹੈ।
ਅੰਤ੍ਰਿਗ ਕਮੇਟੀ ਨੇ ਗੁਰਮਤਿ ਸੰਗੀਤ ਦੇ ਉਸਤਾਦ ਪਦਮਸ੍ਰੀ ਪ੍ਰੋ. ਕਰਤਾਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਉਣ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸੰਗੀਤ ਅਕੈਡਮੀ ਦਾ ਨਾਂ ਪ੍ਰੋ. ਕਰਤਾਰ ਸਿੰਘ ਦੇ ਨਾਂ ’ਤੇ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਤਰ੍ਹਾਂ ਬਹਬਿਲ ਕਲਾਂ ਧਰਨੇ ਦੌਰਾਨ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਦੀਆਂ ਤਸਵੀਰਾਂ ਵੀ ਸਿੱਖ ਅਜਾਇਬਘਰ ਵਿਚ ਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖਤਾਂ ਦੀ ਪੈਦਲ ਯਾਤਰਾ ਸ਼ੁਰੂ
ਸ਼੍ਰੋਮਣੀ ਕਮੇਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਲਾਪਤਾ 328 ਸਰੂਪ ਅਤੇ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਸਬੰਧੀ ਆਵਾਜ਼ ਬੁਲੰਦ ਕਰਨ ਲਈ ਅੱਜ ਲਗਪਗ 70 ਵਰ੍ਹਿਆਂ ਦੇ ਹਰਮਿੰਦਰ ਸਿੰਘ ਪਾਇਲ ਨੇ ਪੰਜ ਤਖਤਾਂ ਦੀ ਪੈਦਲ ਯਾਤਰਾ ਆਰੰਭ ਦਿੱਤੀ ਹੈ। ਅਕਾਲ ਤਖਤ ’ਤੇ ਅਰਦਾਸ ਕਰ ਕੇ ਯਾਤਰਾ ਸ਼ੁਰੂ ਕੀਤੀ ਗਈ। ਰਵਾਨਾ ਹੋਣ ਤੋਂ ਪਹਿਲਾਂ ਭਾਈ ਹਰਮਿੰਦਰ ਸਿੰਘ ਨੇ ਕਿਹਾ ਕਿ ਪਾਵਨ ਸਰੂਪਾਂ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਤੇ ਸਰਕਾਰ ਸੁਹਿਰਦ ਨਹੀਂ ਹੈ। ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਵੀ ਲਟਕ ਰਿਹਾ ਹੈ।