ਚਰਨਜੀਤ ਭੁੱਲਰ
ਚੰਡੀਗੜ੍ਹ, 8 ਸਤੰਬਰ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਹੁਣ 16 ਸਤੰਬਰ ਤੋਂ ਚੰਡੀਗੜ੍ਹ ਯੂਟੀ ਵਿੱਚ ਦਾਖ਼ਲ ਹੋ ਸਕਣਗੀਆਂ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਅੰਤਰਰਾਜੀ ਬੱਸ ਸੇਵਾ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਨੂੰ ਅੰਤਰਰਾਜੀ ਬੱਸ ਸੇਵਾ ਸ਼ੁਰੂ ਹੋਣ ਨਾਲ ਵੱੱਡਾ ਮਾਲੀ ਠੁੰਮਣਾ ਮਿਲੇਗਾ। ਪ੍ਰਾਈਵੇਟ ਬੱਸਾਂ ’ਚੋਂ ਬਾਦਲ ਪਰਿਵਾਰ ਦੀ ਬੱਸ ਸਰਵਿਸ ਨੂੰ ਵੀ ਫ਼ਾਇਦਾ ਮਿਲੇਗਾ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਹੁਣ ਤੱਕ ਜ਼ੀਰਕਪੁਰ ਜਾਂ ਮੁਹਾਲੀ ਤੱਕ ਆਉਂਦੀਆਂ ਸਨ। ਚੰਡੀਗੜ੍ਹ ਪ੍ਰਸ਼ਾਸਨ ਨੇ 12 ਜੂਨ 2020 ਤੋਂ ਅੰਤਰਰਾਜੀ ਬੱਸ ਸਰਵਿਸ ਬੰਦ ਕਰ ਦਿੱਤੀ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੇ ਵਧੀਕ ਸਕੱਤਰ ਨੇ 4 ਸਤੰਬਰ ਨੂੰ ਅੱਠ ਸੂਬਿਆਂ ਨੂੰ ਪੱਤਰ ਜਾਰੀ ਕਰ ਕੇ ਅੰਤਰਰਾਜੀ ਬੱਸ ਸਰਵਿਸ ਸ਼ੁਰੂ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਯੂਟੀ ਪ੍ਰਸ਼ਾਸਨ ਤਰਫ਼ੋਂ ਸਖ਼ਤ ਬੰਦਿਸ਼ਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਦੀ ਪਾਲਣਾ ਕਰਨ ਲਾਜ਼ਮੀ ਹੋਵੇਗਾ। ਹਰ ਬੱਸ ਵਿੱਚ ਸੈਨੀਟਾਈਜ਼ਰ ਹੋਣਾ ਜ਼ਰੂਰੀ ਹੋਵੇਗਾ ਅਤੇ ਸਾਰੇ ਯਾਤਰੀਆਂ ਦੇ ਮਾਸਕ ਪਹਿਨੇ ਹੋਣਾ ਲਾਜ਼ਮੀ ਹੋਵੇਗਾ। ਪੰਜਾਹ ਫ਼ੀਸਦੀ ਯਾਤਰੀਆਂ ਦੀ ਸਮਰੱਥਾ ਨਾਲ ਬੱਸਾਂ ਚੱਲ ਸਕਣਗੀਆਂ। ਚੰਡੀਗੜ੍ਹ ਦੇ ਸੈਕਟਰ 17 ਅਤੇ 43 ਦੇ ਬੱਸ ਅੱਡੇ ਤੋਂ ਬਿਨਾਂ ਕਿਤੋਂ ਵੀ ਸਵਾਰੀ ਉਤਾਰਨ ਜਾਂ ਚੁੱਕਣ ਦੀ ਮਨਾਹੀ ਹੋਵੇਗੀ। ਕਾਊਂਟਰ ’ਤੇ ਬੁਕਿੰਗ ਦੀ ਮਨਾਹੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਤੋਂ ਬਿਨਾਂ ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ ਅਤੇ ਯੂਪੀ ਦੀਆਂ ਬੱਸਾਂ ਆਉਂਦੀਆਂ ਹਨ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਤਾਂ ਕੋਵਿਡ- 19 ਕਾਰਨ ਵੱਡੀ ਮਾਲੀ ਸੱਟ ਵੀ ਵੱਜ ਰਹੀ ਹੈ। ਪੀਆਰਟੀਸੀ ਕੋਲ ਕੁੱਲ 1115 ਬੱਸਾਂ ਹਨ ਜਿਨ੍ਹਾਂ ’ਚੋਂ ਇਸ ਵੇਲੇ 600 ਬੱਸਾਂ ਹੀ ਰੂਟਾਂ ’ਤੇ ਚੱਲ ਰਹੀਆਂ ਹਨ। ਰੋਜ਼ਾਨਾ ਦੀ ਰੂਟਾਂ ਤੋਂ ਕਮਾਈ ਸਿਰਫ਼ 45 ਲੱਖ ਰਹਿ ਗਈ ਹੈ ਜਦਕਿ ਪਹਿਲਾਂ ਇਹੋ ਆਮਦਨ 1.30 ਕਰੋੋੜ ਹੁੰਦੀ ਸੀ।
ਪੀਆਰਟੀਸੀ ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ 16 ਸਤੰਬਰ ਤੋਂ ਅੰਤਰਰਾਜੀ ਬੱਸ ਸੇਵਾ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਪੀਆਰਟੀਸੀ ਦੇ ਕਰੀਬ 100 ਟਾਈਮ ਚੰਡੀਗੜ੍ਹ ਦੇ ਹਨ ਜਿਸ ਨਾਲ ਆਮਦਨ ਵਿੱਚ ਇਜ਼ਾਫ਼ਾ ਹੋਵੇਗਾ। ਪੰਜਾਬ ਰੋਡਵੇਜ਼ ਦੀਆਂ ਕੁੱਲ 1800 ਬੱਸਾਂ ਹਨ ਜਿਨ੍ਹਾਂ ’ਚੋਂ ਇਸ ਵੇਲੇ 480 ਹੀ ਚੱਲ ਰਹੀਆਂ ਸਨ। ਸਟੇਟ ਟਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਰਾਏ ਨੇ ਦੱਸਿਆ ਕਿ ਰੋਡਵੇਜ਼ ਦੀ ਰੋਜ਼ਾਨਾ ਦੀ ਕਮਾਈ ਕੋਵਿਡ- 19 ਕਾਰਨ ਸਿਰਫ਼ 30 ਕੁ ਲੱਖ ਰਹਿ ਗਈ ਹੈ ਜੋ ਕਿ ਪਹਿਲਾਂ 1.40 ਕਰੋੜ ਰੋਜ਼ਾਨਾ ਦੀ ਹੁੰਦੀ ਸੀ। ਉਨ੍ਹਾਂ ਦੱਸਿਆ ਕਿ ਯੂਟੀ ਪ੍ਰਸ਼ਾਸਨ ਤਰਫੋਂ ਪ੍ਰਵਾਨਗੀ ਮਿਲਣ ਨਾਲ ਹੁਣ ਢਾਰਸ ਮਿਲੇਗੀ।