ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 23 ਜੁਲਾਈ
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲੀਸ ਨੇ ਬੀਤੀ ਦੇਰ ਸ਼ਾਮ ਉੱਤਰ ਪ੍ਰਦੇਸ਼ ਤੋਂ ਚੱਲ ਰਹੇ ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼ ਕਰਕੇ ਗਰੋਹ ਮੁੱਖ ਸਪਲਾਇਰ ਦੇ ਨਾਲ-ਨਾਲ ਵੱਡੇ ਪੱਧਰ ’ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਇੱਕ ਗ਼ੈਰਕਾਨੂੰਨੀ ਸਟੋਰੇਜ ਗੋਦਾਮ ਵਿਚ ਛਾਪੇ ਦੌਰਾਨ ਸੱਤ ਲੱਖ ਤੋਂ ਵੱਧ ਗੋਲੀਆਂ/ਕੈਪਸੂਲ/ਟੀਕੇ ਜ਼ਬਤ ਕੀਤੇ ਹਨ ਅਤੇ ਮੁੱਖ ਸਪਲਾਇਰ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਆਸ਼ੀਸ਼ ਵਿਸ਼ਕਰਮਾ ਵਾਸੀ ਸਹਾਰਨਪੁਰ (ਯੂਪੀ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਛਲੇ ਪੰਜ ਸਾਲਾਂ ਤੋਂ ਪੰਜਾਬ ਦੇ ਜ਼ਿਲ੍ਹਿਆਂ ਫ਼ਤਹਿਗੜ੍ਹ ਸਾਹਿਬ, ਮੁਹਾਲੀ, ਨਵਾਂ ਸ਼ਹਿਰ, ਰੂਪਨਗਰ, ਪਟਿਆਲਾ ਅਤੇ ਲੁਧਿਆਣਾ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ 4.98 ਲੱਖ ਲੋਮੋਟਿਲ ਗੋਲੀਆਂ, 97200 ਅਲਪ੍ਰਾਜੋਲਮ ਗੋਲੀਆ, 75840 ਪ੍ਰੋਕਸੀਵੋਨ ਕੈਪਸੂਲ, 21600 ਵਾਇਲਜ਼ ਏਵਲ, 16600 ਬੁਪ੍ਰੇਨੋਰਫੀਨ ਟੀਕੇ, 550 ਟ੍ਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ। ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਵਾਸੀ ਸੁਖਵਿੰਦਰ ਸਿੰਘ ਉਰਫ਼ ਕਾਲਾ ਤੇ ਹਰਜਸਪ੍ਰੀਤ ਸਿੰਘ ਉਰਫ਼ ਜੱਸਾ ਪਾਸੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ, ਜਿਸ ਤੋਂ ਬਾਅਦ ਸੀਆਈਏ ਸਰਹਿੰਦ ਨੇ ਤਫਤੀਸ਼ ਵਜੋਂ 14 ਜੁਲਾਈ ਨੂੰ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਹੇਠ ਯੂਪੀ ਦੇ ਗੋਦਾਮ ’ਤੇ ਛਾਪੇ ਮਾਰੇ। ਜ਼ਿਕਰਯੋਗ ਹੈ ਕਿ ਮੁਲਜ਼ਮ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਅਮਲੋਹ, ਸਰਹਿੰਦ, ਬਡਾਲੀ ਆਲਾ ਸਿੰਘ ਅਤੇ ਖਮਾਣੋਂ ਥਾਣਿਆਂ ਨੂੰ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਘੱਟੋਂ-ਘੱਟ 4 ਵਪਾਰਕ ਮਾਮਲਿਆਂ ਵਿਚ ਲੋੜੀਂਦਾ ਸੀ।