ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਭਲਕੇ 24 ਅਗਸਤ ਨੂੰ ਪੰਜ ਸਿੰਘ ਸਾਹਿਬਾਨ ਦੀ ਅਕਾਲ ਤਖਤ ਤੇ ਹੋਣ ਵਾਲੀ ਮੀਟਿੰਗ ਵਿਚ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਾਮਲਾ ਵਿਚਾਰਿਆ ਜਾਵੇਗਾ। ਇਸ ਮਾਮਲੇ ਦੀ ਜਾਂਚ ਲਈ ਬਣੀ ਪੰਜ ਮੈਂਬਰੀ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਹੈ। ਇਹ ਜਾਂਚ ਟੀਮ ਪਿਛਲੇ ਵਰ੍ਹੇ ਅਕਤੂਬਰ 2019 ਵਿਚ ਬਣਾਈ ਗਈ ਸੀ, ਜਿਸ ਵਿਚ ਪੰਜ ਸਿੱਖ ਵਿਦਵਾਨ ਸ਼ਾਮਲ ਕੀਤੇ ਗਏ ਸਨ। ਇਸ ਕਮੇਟੀ ਵਲੋਂ ਤਿੰਨ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਰੋਨਾ ਕਾਰਨ ਤਾਲਾਬੰਦੀ ਤੋਂ ਬਾਅਦ ਵੀ ਤਿੰਨ ਮੀਟਿੰਗਾਂ ਆਨ ਲਾਈਨ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਮੁਲਾਕਾਤ ਵਾਸਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਸੱਦਿਆ ਗਿਆ ਸੀ ਤਾਂ ਜੋ ਉਸ ਨਾਲ ਗੱਲਬਾਤ ਕਰਕੇ ਉਸ ਖ਼ਿਲਾਫ਼ ਆਈਆਂ ਸ਼ਿਕਾਇਤਾਂ ਸਬੰਧੀ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਸਕੇ ਪਰ ਉਹ ਕਿਸੇ ਵੀ ਮੀਟਿੰਗ ਵਿਚ ਨਹੀਂ ਪੁੱਜਾ ਹੈ।
ਪੰਜ ਮੈਂਬਰੀ ਕਮੇਟੀ ਵਲੋਂ ਦਿੱਤੀ ਗਈ ਜਾਂਚ ਰਿਪੋਰਟ ਵਿਚ ਇਨ੍ਹਾਂ ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਸਿੱਖ ਪ੍ਰਚਾਰਕ ਨੂੰ ਭੇਜੇ ਗਏ ਸੱਦਾ ਪੱਤਰ ਅਤੇ ਉਸ ਵਲੋਂ ਮੀਟਿੰਗ ਲਈ ਕੋਈ ਹੁੰਗਾਰਾ ਨਾ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ। ਕਮੇਟੀ ਵਲੋਂ ਇਹ ਰਿਪੋਰਟ ਦਿੱਤੇ ਜਾਣ ਤੋਂ ਬਾਅਦ ਭਲਕੇ 24 ਅਗਸਤ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿਚ ਇਹ ਮਾਮਲਾ ਵਿਚਾਰੇ ਜਾਣ ਦੀ ਵੱਡੀ ਸੰਭਾਵਨਾ ਹੈ। ਪੰਜ ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਵਿਚ ਸਿੱਖ ਪ੍ਰਚਾਰਕ ਖਿਲਾਫ ਪੰਥਕ ਰਵਾਇਤਾਂ ਮੁਤਾਬਕ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮੀਟਿੰਗ ਵਿਚ 267 ਲਾਪਤਾ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ, ਕੈਨੇਡਾ ਵਿਚ ਆਪਣੇ ਪੱਧਰ ’ਤੇ ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ, ਚੀਫ ਖਾਲਸਾ ਦੀਵਾਨ ਦੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਦਾ ਮਾਮਲਾ ਅਤੇ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਨੂੰ ਪੰਜ ਪਿਆਰਿਆਂ ਵਲੋਂ ਆਪਣੇ ਪੱਧਰ ’ਤੇ ਮਾਫੀ ਦਿੱਤੇ ਜਾਣ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ।