ਸੰਤੋਖ ਗਿੱਲ
ਗੁਰੂਸਰ ਸੁਧਾਰ, 12 ਅਗਸਤ
ਭਾਰਤੀ ਹਵਾਈ ਫ਼ੌਜ ਹਲਵਾਰਾ ਦੇ ਗਾਰਡ ਰੂਮ (ਦਿਲਬਾਗ ਇਨਕਲੇਵ) ਦੀ ਸੀਮਾ ਨਾਲ ਲੱਗਦੀ ਜ਼ਮੀਨ ਦੀ ਖ਼ਰੀਦੋ-ਫ਼ਰੋਖ਼ਤ ਵਿੱਚ ਪਿਛਲੇ ਕੁਝ ਅਰਸੇ ਦੌਰਾਨ ਹੋਏ ਵੱਡੇ ਹੇਰ-ਫੇਰ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਸ ਮਹਿੰਗੇ ਭਾਅ ਦੀ ਜ਼ਮੀਨ ਦੇ ਖ਼ਰੀਦਦਾਰਾਂ ਨੂੰ ਕਬਜ਼ੇ ਹਵਾਈ ਫ਼ੌਜ ਦੀ ਚਾਰਦੀਵਾਰੀ ਤੋਂ ਬਾਹਰ ਰਹਿ ਗਈ ਸਰਕਾਰੀ ਜ਼ਮੀਨ ਉੱਪਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਭਗਤ ਨਾਮਦੇਵ ਦੇ ਨਾਂ ’ਤੇ ਬਣੀ ਸੰਸਥਾ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਬਾਵਾ ਸਿੰਘ ਜੱਸਲ ਨੇ ਕਈ ਭੇਤ ਖੋਲ੍ਹੇ ਹਨ। ਉਨ੍ਹਾਂ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਹੁਣ ਪੁਲੀਸ ਵੱਲੋਂ ਆਰੰਭ ਦਿੱਤੀ ਗਈ ਹੈ।
ਬਾਵਾ ਸਿੰਘ ਜੱਸਲ ਨੇ ਦੱਸਿਆ ਕਿ 10 ਮਰਲੇ ਜ਼ਮੀਨ ’ਤੇ ਭਗਤ ਨਾਮਦੇਵ ਭਵਨ ਦੀ ਉਸਾਰੀ ਤੋਂ ਬਾਅਦ ਨਵੰਬਰ 2017 ਵਿੱਚ ਇਹ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਸੀ। ਉਸ ਸਮੇਂ ਸੰਸਥਾ ਦੇ ਕੁਝ ਅਹੁਦੇਦਾਰਾਂ ਦੀ ਤਜਵੀਜ਼ ਅਨੁਸਾਰ ਹਵਾਈ ਫ਼ੌਜ ਦੀ ਚਾਰਦੀਵਾਰੀ ਨਾਲ ਲੱਗਦੀ ਕੁਝ ਜ਼ਮੀਨ ਦਾਨ ਵਜੋਂ ਮਿਲਣ ਬਾਰੇ ਆਖ ਕੇ ਉਸ ਦੀ ਰਜਿਸਟਰੀ ਕਰਵਾਈ ਗਈ ਸੀ। ਜੱਸਲ ਅਨੁਸਾਰ ਰਜਿਸਟਰੀ ਦੇ ਢੰਗ ਤਰੀਕੇ ਸ਼ੱਕੀ ਜਾਪਦੇ ਸਨ, ਜਿਸ ਤੋਂ ਬਾਅਦ ਜਦੋਂ ਉਨ੍ਹਾਂ ਆਪਣੇ ਤੌਰ ’ਤੇ ਇਸ ਮਾਮਲੇ ਦੀ ਜਾਂਚ ਆਰੰਭੀ ਤਾਂ ਪਤਾ ਲੱਗਾ ਕਿ ਜਿਹੜੀ ਥਾਂ ਦਾ ਕਬਜ਼ਾ ਦਿੱਤਾ ਗਿਆ ਹੈ, ਉਹ ਤਾਂ ਹਵਾਈ ਫ਼ੌਜ ਦੀ ਮਾਲਕੀ ਵਾਲੀ ਜ਼ਮੀਨ ਹੈ। ਜਦੋਂ ਉਨ੍ਹਾਂ ਇਸ ਖ਼ਿਲਾਫ਼ ਆਵਾਜ਼ ਚੁੱਕੀ ਤਾਂ ਸੰਸਥਾ ਦੇ ਅਹੁਦੇਦਾਰਾਂ ਨੇ ਬੁਰਾ ਮਨਾਇਆ ਜਿਸ ਕਾਰਨ ਉਨ੍ਹਾਂ ਮਾਰਚ 2018 ਵਿੱਚ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਖ਼ੁਦ ਮਾਲ ਵਿਭਾਗ ਦਾ ਰਿਕਾਰਡ ਹਾਸਲ ਕਰ ਕੇ ਭੂਗੋਲਿਕ ਸਥਿਤੀ ਨੂੰ ਦੇਖਿਆ ਤਾਂ ਪਤਾ ਲੱਗਾ ਕਿ ਨੇੜੇ ਹੀ ਕੱਟੀਆਂ ਗਈਆਂ ਕਈ ਨਾਜਾਇਜ਼ ਕਲੋਨੀਆਂ ਦੇ ਮਾਲਕਾਂ ਨੇ ਰਸਤਿਆਂ ਵਿੱਚ ਆਉਂਦੀ ਜ਼ਮੀਨ ਦੀਆਂ ਨਾਜਾਇਜ਼ ਰਜਿਸਟਰੀਆਂ ਕਰਵਾ ਕੇ ਕਬਜ਼ਾ ਸਰਕਾਰੀ ਜ਼ਮੀਨ ਉੱਪਰ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ।
‘ਮਾਮਲੇ ਦੀ ਜਾਂਚ ਕੀਤੀ ਜਾਵੇਗੀ’
ਥਾਣਾ ਸੁਧਾਰ ਦੇ ਮੁਖੀ ਜਸਵੀਰ ਸਿੰਘ ਬੁੱਟਰ ਨੇ ਕਿਹਾ ਕਿ ਆਜ਼ਾਦੀ ਦਿਵਸ ਸਮਾਗਮਾਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਤਹਿਸੀਲਦਾਰ ਰਾਏਕੋਟ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਇਸ ਦੀ ਵਿਭਾਗੀ ਜਾਂਚ ਕਰਵਾਈ ਜਾਵੇਗੀ।