ਪੱਤਰ ਪ੍ਰੇਰਕ
ਜਲੰਧਰ, 28 ਅਕਤੂਬਰ
ਇੱਥੋਂ ਦੇ ਟਰੈਵਲ ਏਜੰਟ ਵੱਲੋਂ ਨੌਜਵਾਨ ਨੂੰ ਇਟਲੀ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰੈਵਲ ਏਜੰਟ ਨੇ ਲੱਖਾਂ ਰੁਪਏ ਲੈ ਕੇ ਨੌਜਵਾਨ ਨੂੰ ਲਬਿੀਆ ’ਚ ਭੇਜ ਦਿੱਤਾ। ਉੱਥੇ ਉਸ ਨੂੰ ਕਰੀਬ 5 ਮਹੀਨਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਸ਼ਿਕਾਇਤ ਮਗਰੋਂ ਭੋਗਪੁਰ ਦੇ ਇੱਕ ਟਰੈਵਲ ਏਜੰਟ ਖ਼ਿਲਾਫ਼ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਰ ਪਰਤੇ ਪੀੜਤ ਗੁਰਪ੍ਰੀਤ ਅਨੁਸਾਰ ਉਸ ਨਾਲ ਕਰੀਬ 17 ਹੋਰ ਭਾਰਤੀ ਵਿਦੇਸ਼ ਵਿੱਚ ਫਸੇ ਸਨ। ਉਨ੍ਹਾਂ ਦੀ ਵਾਸਪਸੀ ਵਿਕਰਮ ਸਾਹਨੀ ਦੇ ਯਤਨਾਂ ਸਦਕਾ ਹੋਈ ਹੈ। ਪਿੰਡ ਭਟਨੂਰਾ ਵਾਸੀ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਹ 24 ਜਨਵਰੀ ਨੂੰ ਵਿਦੇਸ਼ ਗਿਆ ਸੀ। ਉਸ ਨੂੰ ਇਟਲੀ ਭੇਜਿਆ ਜਾਣਾ ਸੀ ਪਰ ਮੁਲਜ਼ਮ ਨੇ ਪਹਿਲਾਂ ਉਸ ਨੂੰ ਦੁਬਈ ਭੇਜਿਆ ਅਤੇ ਉਥੋਂ ਲਬਿੀਆ ਲੈ ਗਿਆ। ਉੱਥੋਂ ਦੇ ਏਜੰਟ ਨੇ ਉਸ ਨੂੰ ਮਾਫੀਆ ਦੇ ਹਵਾਲੇ ਕਰ ਦਿੱਤਾ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਗਿਆ ਅਤੇ ਪੈਸੇ ਦੀ ਮੰਗ ਕੀਤੀ ਗਈ। ਪੀੜਤ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਨੂੰ ਕਰੀਬ 8 ਲੱਖ ਰੁਪਏ ਦਿੱਤੇ ਪਰ ਫਿਰ ਵੀ ਉਸ ਦੀ ਕੁੱਟਮਾਰ ਕੀਤੀ ਜਾਂਦੀ ਰਹੀ। ਗੁਰਪ੍ਰੀਤ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਮਾਫ਼ੀਆ ਦੀ ਗ੍ਰਿਫ਼ਤ ’ਚੋਂ ਨਿਕਲ ਗਿਆ ਪਰ ਫਿਰ ਉਸ ਨੂੰ ਪੁਲੀਸ ਨੇ ਫੜ ਲਿਆ, ਇਸ ਤੋਂ ਬਾਅਦ ਉਸ ਨੂੰ ਦੋ ਮਹੀਨੇ ਜੇਲ੍ਹ ਕੱਟਣੀ ਪਈ।