ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਜਲੰਧਰ/ਅੰਮ੍ਰਿਤਸਰ, 7 ਜਨਵਰੀ
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਨੇ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ 13 ਜਨਵਰੀ ਨੂੰ ਸਿੱਖ-ਮੁਸਲਿਮ ਏਕਤਾ ਦਿਵਸ ਵਜੋਂ ਮਨਾਉਣ ਤੇ ਉਸ ਦਿਨ ਗੁਰੂਘਰਾਂ ਵਿੱਚ ਅਰਦਾਸ ਕਰਨ। ਇੱਕ ਸਾਂਝੇ ਬਿਆਨ ਵਿੱਚ ਏਜੀਪੀਸੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਤੇ ਪੀਐੱਸਜੀਪੀਸੀ ਦੇ ਸਕੱਤਰ ਅਮੀਰ ਸਿੰਘ ਨੇ ਕਿਹਾ ਕਿ 13 ਜਨਵਰੀ ਇਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਸਾਈਂ ਹਜਰਤ ਮੀਆਂ ਮੀਰ ਨੇ ਗੁਰੂ ਅਰਜਨ ਦੇਵ ਦੇ ਸੱਦੇ ’ਤੇ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਿਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਦੋਵਾਂ ਸਿੱਖ ਆਗੂਆਂ ਨੇੇ ਕਿਹਾ ਕਿ ਇਹ ਦਿਨ ਹਰ ਸਾਲ ਬੜੇ ਵੱਡੇ ਰੂਪ ਵਿੱਚ ਪੂਰੀ ਦੁਨੀਆਂ ’ਚ ਦੋਵਾਂ ਕੌਮਾਂ ਵੱਲੋਂ ਗੁਰਦੁਆਰਿਆਂ ਤੇ ਸਾਈਂ ਮੀਆਂ ਮੀਰ ਦੀ ਦਰਗਾਹ ਉਤੇ ਮਨਾਇਆ ਜਾਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਸੰਘ ਦੇ ਵਿਸ਼ੇਸ਼ ਸਲਾਹਕਾਰ ਡਾ. ਇਕਤਦਾਰ ਚੀਮਾ ਨੇ ਇਸ ਖਾਸ ਮੌਕੇ ’ਤੇ ਕਿਹਾ ਕਿ ਇਹ ਯਤਨ ਸਿੱਖ ਮੁਸਲਿਮ ਕੌਮਾਂ ਵੱਲੋਂ ਢੁੱਕਵੇਂ ਸਮੇਂ ਕੀਤਾ ਜਾ ਰਿਹਾ ਹੈ, ਕਿਉਂਕਿ ਸੰਯੁਕਤ ਰਾਸ਼ਟਰ ਸੰਘ ਵੀ ਅੰਤਰਰਾਸ਼ਟਰੀ ਤੌਰ ’ਤੇ ਸਾਲ 2021 ਨੂੰ ਅਮਨ ਤੇ ਭਰੋਸੇ ਦੇ ਸਾਲ ਵਜੋਂ ਮਨਾ ਰਿਹਾ ਹੈ। ਇਸ ਦਿਨ ਅੰਤਰਰਾਸ਼ਟਰੀ ਪੱਧਰ ਦਾ ਜੂਮ ਵੈਬਿਨਾਰ ਵੀ ਕਰਵਾਇਆ ਜਾਵੇਗਾ, ਜਿਸ ਨਾਲ ਦੋਵਾਂ ਭਾਈਚਾਰਿਆਂ ਦੇ ਧਾਰਮਿਕ ਆਗੂ ਤੇ ਵਿਦਵਾਨ ਮਿਲ ਬੈਠਣਗੇ। ਪਾਕਿਸਤਾਨ ਦੇ ਸੂਬੇ ਪੰਜਾਬ ਦੀ ਵਿਧਾਨ ਸਭਾ-ਸਟੇਟ ਅਸੈਂਬਲੀ ਦੇ ਮੈਂਬਰ ਰਮੇਸ਼ ਸਿਘ ਅਰੋੜਾ ਨੇ ਇਸ ਪਹਿਲਕਦਮੀ ਦਾ ਪੁਰਜ਼ੋਰ ਸੁਆਗਤ ਕਰਦਿਆਂ ਆਪਣੇ ਵੱਲੋਂ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ ਤੇ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।