ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਸਤੰਬਰ
ਲਖਨਊ ਵਿੱਚ ਅੱਜ ਹੋਈ ਦੂਜੇ ਦਿਨ ਦੀ ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨ ਅੰਦੋਲਨ ਦੇ ‘ਭਾਰਤ ਬੰਦ’ ਦੇ ਸੱਦੇ ਨੂੰ ਮਜ਼ਬੂਤੀ ਨਾਲ ਲੋਕਾਂ ਤੱਕ ਪੁੱਜਦਾ ਕਰਨ ਤੇ ਇਸ ਬੰਦ ਨੂੰ ਸਫ਼ਲ ਬਣਾਉਣ ਦਾ ਸੱਦਾ ਦਿੱਤਾ। ਉੱਤਰ ਪ੍ਰਦੇਸ਼ ਵਿੱਚ ਬੰਦ ਦੇ ਮੱਦੇਨਜ਼ਰ ਤਾਲਮੇਲ ਬਣਾਉਣ ਲਈ 3 ਮੈਂਬਰੀ ਕਮੇਟੀ ਕਾਇਮ ਕੀਤੀ ਗਈ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ‘ਮਿਸ਼ਨ ਉੱਤਰ ਪ੍ਰਦੇਸ਼’ ਦੀ ਯੋਜਨਾ ਉਲੀਕਣ ਲਈ 85 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਹਰਨਾਮ ਵਰਮਾ, ਡੀਪੀ ਸਿੰਘ ਤੇ ਤੇਜਿੰਦਰ ਸਿੰਘ ਵਿਰਕ ’ਤੇ ਆਧਾਰਿਤ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 27 ਸਤੰਬਰ ਦੇ ‘ਭਾਰਤ ਬੰਦ’ ਨੂੰ ਸਫ਼ਲ ਬਣਾਉਣ ਲਈ ਭਾਗੀਦਾਰਾਂ ਵੱਲੋਂ ਸਾਰੇ ਯਤਨ ਕੀਤੇ ਜਾਣਗੇ। ਇਸ ਦੀ ਵਿਉਂਤਬੰਦੀ ਕਰਨ ਲਈ ਸਾਰੇ ਕਿਸਾਨ ਤੇ ਹੋਰ ਜਨਤਕ ਸੰਗਠਨਾਂ ਦੀਆਂ ਹਰੇਕ ਜ਼ਿਲ੍ਹਾ ਮੁੱਖ ਦਫਤਰ ਵਿੱਚ 17 ਸਤੰਬਰ ਨੂੰ ਮੀਟਿੰਗਾਂ ਕੀਤੀਆਂ ਜਾਣਗੀਆਂ।
ਆਗੂ ਨੇ ਦੱਸਿਆ ਕਿ ਗੰਨੇ ਦੇ ਭਾਅ ਤੇ ਹੋਰ ਭਖਦੇ ਸਥਾਨਕ ਮੁੱਦਿਆਂ, ਹਰ ਡਿਵੀਜ਼ਨ ਵਿੱਚ ਮਹਾਪੰਚਾਇਤਾਂ ਦੀਆਂ ਤਰੀਕਾਂ ਤੇ ਹੋਰ ਮੁੱਦਿਆਂ ’ਤੇ ਸੰਘਰਸ਼ ਬਾਰੇ ਹੋਰ ਸਾਰੇ ਫੈਸਲੇ 27 ਸਤੰਬਰ ਤੋਂ ਬਾਅਦ ਮੋਰਚੇ ਦੀ ਮੀਟਿੰਗ ਵਿੱਚ ਲਏ ਜਾਣਗੇ। ਮੋਰਚੇ ਨੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਕਿਸਾਨ ਆਗੂਆਂ ਵਿਰੁੱਧ ਵਾਰ-ਵਾਰ ਦਿੱਤੇ ਬਿਆਨਾਂ ਦੀ ਨਿਖੇਧੀ ਕੀਤੀ। ਗਰੇਵਾਲ, ਕਿਸਾਨਾਂ ਨੂੰ ਗੁੰਡਾ ਕਹਿ ਰਹੇ ਸਨ। ਅਜਿਹਾ ਵਿਵਹਾਰ ਭਾਜਪਾ ਨੇਤਾਵਾਂ ਦੇ ਕਿਸਾਨ ਵਿਰੋਧੀ ਚਰਿੱਤਰ ਨੂੰ ਬੇਨਕਾਬ ਕਰਦਾ ਹੈ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਰਾਜਸਥਾਨ ਵਿੱਚ ਮੋਰਚੇ ਦੀ ਸੂਬਾਈ ਕਨਵੈਨਸ਼ਨ ਸ਼ਾਹਜਹਾਂਪੁਰ ਬਾਰਡਰ ’ਤੇ ਹੋਈ। ਇਸ ਦੌਰਾਨ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਮੋਰਚੇ ਦੇ ਸੰਦੇਸ਼ ਨੂੰ ਸਾਰੇ ਪਿੰਡਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ।
ਪ੍ਰਹਾਰ ਕਿਸਾਨ ਸੰਗਠਨ ਦੇ 50 ਕਿਸਾਨਾਂ ਦਾ ਸਾਈਕਲ ਮਾਰਚ ਕੱਲ੍ਹ ਮਹਾਰਾਸ਼ਟਰ ਤੋਂ ਸ਼ੁਰੂ ਹੋਇਆ ਅਤੇ ਮੱਧ ਪ੍ਰਦੇਸ਼ ਦੇ ਮੁਲਤਾਪੀ ਪਹੁੰਚਿਆ। ਇਹ 11 ਦਿਨਾਂ ਦਾ ਸਾਈਕਲ ਮਾਰਚ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਤੋਂ ਹੁੰਦਾ ਹੋਇਆ 19 ਸਤੰਬਰ ਨੂੰ ਗਾਜ਼ੀਪੁਰ ਸਰਹੱਦ ਅਤੇ 20 ਤਰੀਕ ਨੂੰ ਸਿੰਘੂ ਬਾਰਡਰ ਤੱਕ ਪਹੁੰਚੇਗਾ।
ਸੰਘਰਸ਼ੀ ਅਖਾੜਿਆਂ ਤੋਂ ਪਿੰਡਾਂ ਵਿੱਚ ਮੀਟਿੰਗਾਂ ਕਰਨ ਦੀ ਅਪੀਲ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨਾਂ ਨੇ ਪਿੰਡਾਂ ਵਿੱਚ 27 ਸਤੰਬਰ ਦੇ ਭਾਰਤ ਬੰਦ ਲਈ ਹੁਣ ਤੋਂ ਹੀ ਲਾਮਬੰਦੀ ਕਰਨ ਦਾ ਸੱਦਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇੱਕ ਅਕਤੂਬਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਵਿੱਢੇ ਸੰਘਰਸ਼ ਦਾ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ, ਜੋ ਅੰਦੋਲਨ ਦਾ ਇੱਕ ਅਹਿਮ ਮੀਲ-ਪੱਥਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 27 ਸਤੰਬਰ ਨੂੰ ਸੰਪੂਰਨ ਭਾਰਤ ਬੰਦ ਕਰਕੇ ਇੱਕ ਹੋਰ ਮੀਲ ਸਥਾਪਤ ਕਰਨ ਹਿੱਤ ਲਾਮਬੰਦੀ ਲਈ ਪਿੰਡਾਂ ਵਿੱਚ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਰਾਤਰੀ ਜਥੇਬੰਦੀਆਂ ਅਤੇ ਸਮਾਜ ਦੇ ਦੂਸਰੇ ਵਰਗਾਂ ਨਾਲ ਸੰਪਰਕ ਕਰਨ ਅਤੇ ਤਾਲਮੇਲ ਬਿਠਾਉਣ ਦੇ ਉਪਰਾਲੇ ਕਰਨ ਦੀ ਲੋੜ ਹੈ। ਹੁਣ ਭਾਰਤ ਬੰਦ ਨੂੰ ਸਫ਼ਲ ਬਣਾਉਣਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਪੰਜਾਬ ਭਰ ਵਿੱਚ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਜਾਰੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਖੇਤੀ ਖੇਤਰ ਨੂੰ ਖੁੱਲ੍ਹੀ ਮੰਡੀ ਦੇ ਹਵਾਲੇ ਕਰਨ ’ਤੇ ਬਜ਼ਿੱਦ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਕਿਰਤੀਆਂ ਕੋਲ ਇਸ ਹੱਠਧਰਮੀ ਖ਼ਿਲਾਫ਼ ਲੜਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ। ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਲੜੇ ਜਾ ਰਹੇ ਕਿਸਾਨ ਸੰਘਰਸ਼ ਦੀ ਇਹ ਅਹਿਮ ਪ੍ਰਾਪਤੀ ਹੈ ਕਿ ਇਸ ਨੇ ਦੇਸੀ ਪੂੰਜੀਪਤੀਆਂ ਨੂੰ ਨਿਸ਼ਾਨੇ ’ਤੇ ਲੈ ਆਂਦਾ ਹੈ। ਹੁਣ ਸਿਰਫ ਸਰਕਾਰ ਹੀ ਕਿਸਾਨੀ ਰੋਹ ਦੇ ਨਿਸ਼ਾਨੇ ’ਤੇ ਨਹੀਂ ਹੈ, ਸਗੋਂ ਨਾਲ ਹੀ ਪੂੰਜੀਪਤੀ ਘਰਾਣੇ ਵੀ ਲੋਕ ਰੋਹ ਦਾ ਸੇਕ ਝੱਲ ਰਹੇ ਹਨ।
ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰੇਗੀ ਉਗਰਾਹਾਂ ਜਥੇਬੰਦੀ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਲਹਿਲ ਖੁਰਦ ਕੈਂਚੀਆਂ ਨੇੜੇ ਕਾਰਪੋਰੇਟ ਘਰਾਣਿਆਂ ਦੀ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਪੱਕਾ ਮੋਰਚਾ 344ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 13 ਸਤੰਬਰ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਪਟਿਆਲਾ ਵਿੱਚ ਮੋਤੀ ਮਹਿਲ ਦੇ ਕੀਤੇ ਜਾ ਰਹੇ ਘਿਰਾਓ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਮਜ਼ਦੂਰਾਂ ਦਾ ਪੂਰਨ ਤੌਰ ’ਤੇ ਸਮਰਥਨ ਕਰੇਗੀ।