ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 22 ਅਪਰੈਲ
ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ‘ਧਰਤ ਦਿਵਸ’ ਮੌਕੇ ਸੂਬੇ ਦੇ ਜੰਗਲਾਂ ਅਤੇ ਜੰਗਲੀ ਜਾਨਵਰਾਂ ਨੂੰ ਅੱਗਾਂ ਤੋਂ ਬਚਾਉਣ ਲਈ ਸੂਬੇ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਨਹਿਰਾਂ, ਡਰੇਨਾਂ ਅਤੇ ਰੇਲ ਪਟੜੀਆਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਇਨ੍ਹਾਂ ਜੰਗਲੀ ਖੇਤਰਾਂ ਵਿੱਚ ਅੱਗ ਲੱਗਣ ਦਾ ਖ਼ਤਰਾ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਦਾ ਨਾੜ ਨਾ ਸਾੜਨ ਦੀ ਅਪੀਲ ਕੀਤੀ। ਇਸੇ ਦੌਰਾਨ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਜੌਗਰਫ਼ੀ ਵਿਭਾਗ ਅਤੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਵਿਸ਼ਵ ਧਰਤੀ ਦਿਵਸ ਨੂੰ ਸਮਰਪਿਤ ਪਬਲਿਕ ਲੈਕਚਰ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਨੌਜਵਾਨਾਂ ਨੂੰ ਦੇਸ਼ ਦੇ ਬੇਸ਼ਕੀਮਤੀ ਸੋਮੇ ਮਿੱਟੀ ਨੂੰ ਬਚਾਉਣ ਲਈ ਸੁਹਿਰਦ ਉਪਰਾਲਾ ਕਰਨ ਲਈ ਪ੍ਰੇਰਿਤ ਕੀਤਾ। ਪੂਨੇ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਤੋਂ ਡਾ. ਪ੍ਰਮੋਦ ਕਾਂਬਲੇ ਨੇ ਯੂਐੱਸਏ, ਭਾਰਤ ਅਤੇ ਹੋਰ ਦੇਸ਼ਾਂ ਵਿਚ ਕੀਤੀਆਂ ਖੋਜਾਂ ਨੂੰ ਸਾਂਝਾ ਕੀਤਾ। ਜੌਗਰਫ਼ੀ ਵਿਭਾਗ ਦੇ ਮੁਖੀ ਪ੍ਰੋ. ਅਨੁਪ੍ਰੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਪਸ਼ੂਆਂ ਅਤੇ ਕੁਦਰਤੀ ਬਨਸਪਤੀ ਦੀ ਰਹਿੰਦ-ਖੂੰਹਦ ਮਿੱਟੀ ਲਈ ਵਧੀਆ ਪੌਸ਼ਿਕ ਤੱਤ ਪ੍ਰਦਾਨ ਕਰ ਸਕਦੀ ਹੈ। ਇਸ ਮੌਕੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਨੀਤੂ ਤ੍ਰੇਹਨ, ਪ੍ਰੋ. ਹਰਮਨਜੋਤ ਕੌਰ, ਪ੍ਰੋ. ਨਵਦੀਪ ਕੌਰ, ਪ੍ਰੋ. ਤਲਵਿੰਦਰ ਸਿੰਘ ਹਾਜ਼ਰ ਸਨ।
ਖਰੜ ਅਤੇ ਚੰਡੀਗੜ੍ਹਵਿੱਚ ਬੂਟੇ ਲਾ ਕੇ ਧਰਤ ਦਿਵਸ ਮਨਾਇਆ
ਖਰੜ (ਪੱਤਰ ਪ੍ਰੇਰਕ): ਅੱਜ ਪ੍ਰਿਥਵੀ ਦਿਵਸ ਮੌਕੇ ਹਰਿਆਵਲ ਪੰਜਾਬ ਸੰਸਥਾ ਮੁਹਾਲੀ ਨੇ 66 ਕੇਵੀ ਸਬਸਟੇਸ਼ਨ ਘੜੂੰਆਂ (ਖਰੜ) ਵਿੱਚ ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਹਰਿਆਵਲ ਪੰਜਾਬ ਮੁਹਾਲੀ ਦੇ ਜ਼ਿਲ੍ਹਾ ਸੰਯੋਜਕ ਬ੍ਰਿਜਮੋਹਨ ਜੋਸ਼ੀ ਦੇ ਨਾਲ ਰਣਧੀਰ ਸਿੰਘ ਜੇਈ, ਜਸਵਿੰਦਰ ਸਿੰਘ ਐੱਸਐੱਸਏ ਅਤੇ ਸੁਰਿੰਦਰ ਸਿੰਘ ਘੜੂੰਆਂ ਸ਼ਾਮਲ ਹੋਏ।
ਚੰਡੀਗੜ੍ਹ (ਪੱਤਰ ਪ੍ਰੇਰਕ): ‘ਧਰਤ ਦਿਵਸ’ ਮੌਕੇ ਅੱਜ ਸ਼੍ਰੋਮਣੀ ਅਕਾਲੀ ਦੀ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਅਤੇ ਨਗਰ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਸੈਕਟਰ 42-ਸੀ ਸਥਿਤ ਮੈਂਗੋ ਪਾਰਕ ਵਿੱਚ ਪੌਦੇ ਲਗਾਏ ਗਏ। ਇਸ ਮੌਕੇ ਸ੍ਰੀ ਬੁਟੇਰਲਾ ਨੇ ਕਿਹਾ ਕਿ ਅੱਜ ਦੇ ਦਿਨ ਦਾ ਸਮੁੱਚੀ ਲੋਕਾਈ ਦੇ ਲਈ ਹੀ ਬਹੁਤ ਮਹੱਤਵ ਹੈ ਕਿਉਂਕਿ ਜੇ ਅਸੀਂ ਧਰਤੀ ਅਤੇ ਵਾਤਾਵਰਨ ਦੀ ਰੱਖਿਆ ਕਰਦੇ ਰਹਾਂਗੇ ਤਾਂ ਹੀ ਇਸ ਉਤੇ ਜੀਵਨ ਸੰਭਵ ਹੈ। ਇਸ ਦੇ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਗੁਰਮੀਤ ਸਿੰਘ, ਯੋਗੇਸ਼ ਕੁਮਾਰ ਜੈਕੀ, ਗੁਰਚਰਨ ਸਿੰਘ, ਹਰਸ਼ ਕੁਮਾਰ, ਸੰਜੀਵ ਕੁਮਾਰ, ਗੁਰਦੀਪ ਸਿੰਘ, ਅਰਜੁਨ ਸਿੰਘ ਹਾਜ਼ਰ ਸਨ।
ਐੱਸਏਐੱਸ ਨਗਰ (ਖੇਤਰੀ ਪ੍ਰਤੀਨਿਧ): ਇੱਥੋਂ ਦੇ ਵਾਰਡ ਨੰਬਰ ਸੱਤ ਤੋਂ ਕਾਂਗਰਸੀ ਕੌਂਸਲਰ ਬੀਬੀ ਬਲਜੀਤ ਕੌਰ ਵੱਲੋਂ ਅੱਜ ‘ਧਰਤ ਦਿਵਸ’ ਮੌਕੇ ਵੱਖ-ਵੱਖ ਪਾਰਕਾਂ ਵਿੱਚ ਫ਼ਲਦਾਰ ਪੌਦੇ ਲਗਾਏ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਵੈਸੇ ਤਾਂ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਲਗਾਤਾਰ ਪੌਦੇ ਲਗਾਉਂਦੇ ਰਹੀਏ ਪ੍ਰੰਤੂ ਅੱਜ ਧਰਤ ਦਿਵਸ ਮੌਕੇ ਪੌਦੇ ਲਗਾਉਣ ਦਾ ਵੱਖਰਾ ਹੀ ਨਜ਼ਾਰਾ ਹੈ ਕਿਉਂਕਿ ਅਸੀਂ ਧਰਤੀ ਉਤਲੇ ਜੀਵਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਅੱਜ ਜਾਮਣ, ਅੰਬ, ਤੁਲਸੀ, ਆਂਵਲਾ, ਨਿੰਬੂ ਆਦਿ ਦੇ ਪੌਦੇ ਲਗਾਏ ਗਏ ਹਨ ਜਿਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਨਾਲ ਦੀ ਨਾਲ ਕੀਤੀ ਜਾਵੇਗੀ। ਇਸ ਮੌਕੇ ਮਨਦੀਪ ਕੌਰ, ਮੰਜੂ ਕੈਂਥ, ਦਲਜੀਤ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਰਾਹੁਲ ਕੈਂਥ, ਰਾਜ ਮਲਹੋਤਰਾ, ਕੇਕੇ ਗੁਪਤਾ ਹਾਜ਼ਰ ਸਨ।
ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਅੱਜ ਸਰਕਾਰੀ ਕਾਲਜ ਵਿੱਚ ਗੂਗਲ ਮੀਟ ਜ਼ਰੀਏ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਦੀ ਰਹਿਨੁਮਾਈ ਹੇਠ ਧਰਤੀ ਦਿਵਸ ਮਨਾਇਆ ਗਿਆ। ੲਪ੍ਰੋ. ਸ਼ਮਿੰਦਰ ਕੌਰ (ਭੂਗੋਲ) ਨੇ ਮੁੱਖ ਮਹਿਮਾਨ, ਸਰਕਾਰੀ ਕਾਲਜ ਮੁਹਾਲੀ ਡੇਰਾਬੱਸੀ ਦੇ ਭੂਗੋਲ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਅਤੇ ਸਰਕਾਰੀ ਕਾਲਜ ਡੇਰਾਬੱਸੀ ਦੇ ਭੂਗੋਲ ਵਿਭਾਗ ਦੀ ਮੁਖੀ ਸਲੌਨੀ ਨੂੰ ਜੀ ਆਇਆਂ ਕਿਹਾ। ਅੱਜ ਦੇ ਮੁੱਖ ਬੁਲਾਰੇ ਡਾ. ਜਸਪਾਲ ਸਿੰਘ ਨੇ ਧਰਤੀ ਦੀ ਤੁਲਨਾ ਮਾਂ ਦੇ ਬਰਾਬਰ ਦੱਸੀ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਦੱਿਸਆ ਕਿ ਮਨਦੀਪ ਕੌਰ, ਕਮਲਪ੍ਰੀਤ ਕੌਰ, ਅਤੇ ਸਿਮਰਨ ਪੋਸਟਰ ਮੁਕਾਬਲੇ ਲੇਖ ਲਿਖਣ ਵਿੱਚ ਸੰਦੀਪ ਕੌਰ, ਅਮਨਜੋਤ ਕੌਰ ਤੇ ਅਦਿਤਿਆ ਬੈਂਸ, ਨਾਅਰੇ ਲਿਖਣ ਵਿੱਚ ਦਵਿੰਦਰ ਕੌਰ, ਮਨਪ੍ਰੀਤ ਕੌਰ ਅਤੇ ਇਸ਼ਾ ਰਾਣੀ, ਪੀ.ਪੀ.ਟੀ.ਪੀ ਮੁਕਾਬਲੇ ਵਿੱਚ ਸਰਪ੍ਰੀਤ ਕੌਰ ਅਤੇ ਜੈਸਮੀਨ ਕੌਰ ਤੇ ਬੀ.ਏ ਭਾਗ ਪਹਿਲੇ ਦੇ ਵਿਦਿਆਰਥੀ ਰੋਲ ਨੰਬਰ 2024 ਨੇ ਕ੍ਰਾਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।