ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਮਾਰਚ
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਨਿੱਜੀ ਹਸਪਤਾਲਾਂ ਵੱਲੋਂ ਆਯੂਸ਼ਮਾਨ ਸਕੀਮ ਦੇ ਨਾਂ ’ਤੇ ਕੀਤੇ ਜਾ ਰਹੇ ਘੁਟਾਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਿਨਾਂ ਸੱਤਾ ਦੀ ਸ਼ਹਿ ਤੋਂ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣਾ ਅਸੰਭਵ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਜੀਲੈਂਸ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਕੀਤੀ ਜਾਂਚ ਨੇ ਸਾਹਮਣੇ ਲਿਆ ਦਿੱਤਾ ਹੈ ਕਿ ਕਿਵੇਂ ਗਰੀਬਾਂ ਦੇ ਨਾਂ ’ਤੇ ਸਰਕਾਰੀ ਖਜ਼ਾਨਾ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਿੱਜੀ ਸੰਸਥਾ ਦੀ ਇਹ ਹਿੰਮਤ ਨਹੀਂ ਕਿ ਉਹ ਕਿਸੇ ਸੱਤਾਧਾਰੀ ਪਾਰਟੀ ਦੇ ਆਗੂਆਂ ਤੋਂ ਬਿਨਾਂ ਕਰੋੜਾਂ ਰੁਪਏ ਦਾ ਘਪਲਾ ਕਰ ਲਵੇ। ਚੀਮਾ ਨੇ ਕਿਹਾ ਕਿ ਸਿਰਫ਼ ਤਿੰਨ ਜ਼ਿਲ੍ਹੇ ਦੇ 10 ਹਸਪਤਾਲਾਂ ਵੱਲੋਂ ਕੀਤੀ ਜਾ ਰਹੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ, ਜੇਕਰ ਜਾਂਚ ਕਰਵਾਈ ਜਾਵੇ ਤਾਂ ਸਾਰੇ ਪੰਜਾਬ ਵਿੱਚ ਸੈਂਕੜੇ ਹਸਪਤਾਲਾਂ ਵੱਲੋਂ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਮਾਮਲਿਆਂ ਵਿੱਚ ਸ਼ਾਮਲ ਮਿਲੀਭੁਗਤ ਵਾਲੇ ਸਿਆਸੀ ਆਗੂਆਂ ਦਾ ਨਾਂ ਲੋਕਾਂ ਸਾਹਮਣੇ ਉਜਾਗਰ ਕਰੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਸਪਤਾਲਾਂ ਨੇ ਅਜਿਹਾ ਘੁਟਾਲਾ ਕੀਤਾ ਹੈ, ਉਨ੍ਹਾਂ ਨੂੰ ਸੀਲ ਕੀਤਾ ਜਾਵੇ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਘੁਟਾਲਿਆਂ ਵਿੱਚ ਸ਼ਾਮਲ ਲੋਕਾਂ ਦੇ ਨਾਮ ਉਜਾਗਰ ਕਰਨ ਤੋਂ ਹਮੇਸ਼ਾ ਕੰਨੀ ਕਤਰਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿੱਜੀ ਹਸਪਤਾਲਾਂ ਵਿੱਚ ਮਿਲੀ ਭੁਗਤ ਦਾ ਹੀ ਇਹ ਸਬੂਤ ਹੈ ਕਿ ਸੱਤਾਧਾਰੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਨੂੰ ਸਰਕਾਰੀ ਹਸਪਤਾਲਾਂ ’ਤੇ ਯਕੀਨ ਨਹੀਂ ਹੈ, ਇਸੇ ਲਈ ਉਹ ਆਪਣੇ ਇਲਾਜ ਲਈ ਨਿੱਜੀ ਹਸਪਤਾਲਾਂ ਨੂੰ ਪਹਿਲ ਦਿੰਦੇ ਹਨ।
ਪੀਐੱਸਪੀਸੀਐੱਲ ਨੂੰ ਦੋ ਕੰਪਨੀਆਂ ਦੇ 1750 ਕਰੋੜ ਰੁਪਏ ਦੇਣ ਦੇ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਮੇਂ ਸਮੇਂ ਪੰਜਾਬ ’ਚ ਸੱਤਾ ’ਤੇ ਕਾਬਜ਼ ਰਹੀਆਂ ਰਵਾਇਤੀ ਪਾਰਟੀਆਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀਐੱਸਪੀਸੀਐੱਲ) ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦਾ ਹੀ ਨਤੀਜਾ ਹੈ ਕਿ ਦੋ ਕੰਪਨੀਆਂ ਦੇ ਵਾਸ਼ਿੰਗ ਅਤੇ ਟਰਾਂਸਪੋਰਟ ਦੇ 1070 ਕਰੋੜ ਰੁਪਏ ’ਤੇ ਹੁਣ 680 ਕਰੋੜ ਦਾ ਵਾਧੂ ਵਿਆਜ ਦੇਣਾ ਪਵੇਗਾ। ਪੀਐੱਸਪੀਸੀਐੱਲ ਲੋਕਾਂ ਤੋਂ ਬਿਜਲੀ ਦੇ ਬਿੱਲਾਂ ਦੇ ਰੂਪ ਵਿੱਚ ਅਦਾਇਗੀ ਤਾਂ ਲੈਂਦੀ ਹੈ ਪਰ ਅੱਗੇ ਕੰਪਨੀਆਂ ਨੂੰ ਨਹੀਂ ਦਿੰਦਾ।