ਦੇਵਿੰਦਰ ਸਿੰਘ ਜੱਗੀ
ਪਾਇਲ, 9 ਸਤੰਬਰ
ਇੱਥੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਪੰਥਕ ਉਮੀਦਵਾਰਾਂ ਦੀ ਚੋਣ ਕਰਨ ਸੰਬੰਧੀ ਭਾਈ ਸੰਦੀਪ ਸਿੰਘ ਰੁਪਾਲੋਂ ਦੀ ਅਗਵਾਈ ਹੇਠ ਇਕੱਤਰਤਾ ਹੋਈ, ਜਿਸ ਵਿੱਚ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਅਤੇ ਸੰਸਦ ਮੈਂਬਰ ਭਾਈ ਅਮ੍ਰਿੰਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਖ਼ਾਲਸਾ ਵਿਸ਼ੇਸ ਤੌਰ ‘ਤੇ ਪੁੱਜੇ।
ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਦਾ ਵਿਸ਼ਵਾਸ ਮੌਜੂਦਾ ਨਕਾਰਾ ਹੋ ਚੁੱਕੀ ਰਵਾਇਤੀ ਪੰਥਕ ਲੀਡਰਸ਼ਿਪ ਤੋਂ ਬਿਲਕੁੱਲ ਉੱਠ ਚੁੱਕਾ ਹੈ ਕਿਉਂਕਿ ਇਹ ਲੀਡਰਸ਼ਿਪ ਪੰਜਾਬ, ਪੰਜਾਬੀਅਤ ਤੇ ਸਿੱਖਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਵਿੱਚ ਨਕਾਮ ਹੋ ਗਈ ਹੈ। ਅੱਜ ਬੇਸ਼ੁਮਾਰ ਕੁਰਬਾਨੀਆਂ ਨਾਲ਼ ਤਿਆਰ ਕੀਤੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਨੂੰ ਖੋਰਾ ਲੱਗਾ ਹੈ ਸਾਨੂੰ ਪੰਥਕ ਤੌਰ ‘ਤੇ ਵੀ ਬਹੁਤ ਵੱਡੀਆਂ ਚੁਣੌਤੀਆ ਦਾ ਸਾਹਮਣਾ ਕਰਨਾ ਪੈ ਰਿਹਾ।
ਜਥੇਦਾਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕੋ ਇੱਕ ਧਾਰਮਿਕ ਸੰਸਥਾ ਹੈ ਜਿਸ ਦੇ ਪ੍ਰਬੰਧਾਂ ਵਿੱਚ ਬਹੁਤ ਵੱਡੇ ਪੱਧਰ ‘ਤੇ ਗਿਰਾਵਟ ਆਈ ਹੈ ਉੱਥੇ ਹੀ ਕੁਰਬਾਨੀਆਂ ਨਾਲ ਤਿਆਰ ਕੀਤੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਅੱਜ ਪੰਥ ਵਿਰੋਧੀ ਤਾਕਤਾਂ ਦਾ ਬੋਲਬਾਲਾ ਹੈ। ਪੰਥ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੋਵੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ। ਇਸ ਮੌਕੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਗਵਾਨ ਨੇ ਸੰਬੋਧਨ ਕੀਤਾ। ਭਾਈ ਸੰਦੀਪ ਸਿੰਘ ਰੁਪਾਲੋਂ ਨੇ ਇਸ ਮੌਕੇ ਪਹੁੰਚੀ ਸੰਗਤ ਦਾ ਵਿਸ਼ੇਸ ਧੰਨਵਾਦ ਕੀਤਾ।
ਇਸ ਮੌਕੇ ਬਾਪੂ ਤਰਸੇਮ ਸਿੰਘ ਖਾਲਸਾ, ਭਾਈ ਸਰਬਜੀਤ ਸਿੰਘ ਖਾਲਸਾ, ਅਤੇ ਭਾਈ ਸੁਖਵਿੰਦਰ ਸਿੰਘ ਭਗਵਾਨ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਕੱਤਰਤਾ ਮੌਕੇ ਬਾਬਾ ਦਲਜੀਤ ਸਿੰਘ ਸੋਢੀ, ਦਰਸ਼ਨ ਸਿੰਘ ਪਾਇਲ, ਕਰਨੈਲ ਸਿੰਘ ਰਾਈਮਾਜਰਾ, ਦੀਵਾਨ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਘਲੋਟੀ, ਅਵਤਾਰ ਸਿੰਘ ਢਿੱਲੋਂ, ਸੁਖਵੰਤ ਸਿੰਘ ਬਾਬਰਪੁਰ, ਗੁਰਪ੍ਰੀਤ ਸਿੰਘ ਰਾਜੇਵਾਲ, ਪ੍ਰਗਟ ਸਿੰਘ ਰੱਬੋ, ਸਰਬਜੀਤ ਸਿੰਘ ਖਾਲਸਾ ਜੱਲ੍ਹਾ, ਐਡਵੋਕੇਟ ਗੁਰਜੋਤ ਕੌਰ ਮਾਂਗਟ, ਜਥੇ: ਜਗਦੇਵ ਸਿੰਘ ਪਾਂਗਲੀਆ, ਬਲਵਿੰਦਰ ਸਿੰਘ ਕਾਕਾ ਸਿਹੌੜਾ, ਮੱਖਣ ਸਿੰਘ ਸ਼ਿਕਲੀਗਰ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।