ਸ਼ਿਮਲਾ/ਚੰਡੀਗੜ੍ਹ, 9 ਜਨਵਰੀ
ਮੁੱਖ ਅੰਸ਼
- ਭਲਕੇ ਮੀਂਹ ਪੈਣ ਦੀ ਪੇਸ਼ੀਨਗੋਈ
- ਪਹਾੜ ਨਿੱਘੇ ਤੇ ਮੈਦਾਨ ਠੰਢੇ
ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ਨੂੰ ਜਦੋਂ ਕੰਬਣੀ ਛਿੜੀ ਹੋਈ ਹੈ ਤਾਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ‘ਗਰਮ’ ਦਿਖਾਈ ਦੇ ਰਹੀਆਂ ਹਨ। ਸੰਘਣੀ ਧੁੰਦ ਕਾਰਨ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ‘ਚ ਸੂਰਜ ਦੇ ਦਰਸ਼ਨ ਨਸੀਬ ਨਹੀਂ ਹੋ ਰਹੇ ਹਨ ਤਾਂ ਹਿਮਾਚਲ ਪ੍ਰਦੇਸ਼ ਦੇ ਲੋਕ ਇਸ ਦਾ ਨਿੱਘ ਮਾਣ ਰਹੇ ਹਨ। ਪਹਾੜਾਂ ਦੀ ਰਾਣੀ ਵਜੋਂ ਜਾਣੇ ਜਾਂਦੇ ਸ਼ਿਮਲਾ ‘ਚ ਦਿਨ ਗਰਮ ਚੱਲ ਰਹੇ ਹਨ ਜਦਕਿ ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਅੰਬਾਲਾ, ਕਰਨਾਲ ਅਤੇ ਦਿੱਲੀ ‘ਚ ਸੀਤ ਲਹਿਰ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਹਨ। ਪਹਾੜਾਂ ‘ਤੇ ਪਿਛਲੇ ਇਕ ਹਫ਼ਤੇ ਤੋਂ ਦਿਨ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇਲਾਕਿਆਂ ‘ਚ 11 ਤੋਂ 13 ਜਨਵਰੀ ਦੌਰਾਨ ਹਲਕਾ ਮੀਂਹ ਪੈ ਸਕਦਾ ਹੈ। ਇਸ ਦੌਰਾਨ 12 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਬਰਫ਼ਬਾਰੀ ਹੋ ਸਕਦੀ ਹੈ। ‘ਸਕਾਈਮੈੱਟ ਵੈਦਰ’ ਦੇ ਮਾਹਿਰ ਮਹੇਸ਼ ਪਲਾਵਤ ਨੇ ਕਿਹਾ ਕਿ ਦੋ ਪੱਛਮੀ ਗੜਬੜੀਆਂ ਵਿਚਕਾਰ ਵੱਡੇ ਫਰਕ ਕਾਰਨ ਕੜਾਕੇ ਦੀ ਠੰਢ ਦਾ ਲੰਬਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਬਰਫ਼ ਨਾਲ ਢਕੇ ਪਹਾੜਾਂ ਤੋਂ ਠੰਢੀਆਂ ਹਵਾਵਾਂ ਆਮ ਨਾਲੋਂ ਵਧੇਰੇ ਸਮੇਂ ਤੱਕ ਮੈਦਾਨੀ ਇਲਾਕਿਆਂ ਵੱਲ ਵਗ ਰਹੀਆਂ ਹਨ। ਆਮ ਤੌਰ ‘ਤੇ ਦੋ ਪੱਛਮੀ ਗੜਬੜੀਆਂ ਵਿਚਕਾਰ ਤਿੰਨ ਤੋਂ ਚਾਰ ਦਿਨ ਦਾ ਫਰਕ ਹੁੰਦਾ ਹੈ ਪਰ ਇਸ ਵਾਰ ਇਹ ਸਮਾਂ ਵਧ ਕੇ ਸੱਤ ਦਿਨ ਦਾ ਹੋ ਗਿਆ ਹੈ।
ਹਿਮਾਚਲ ‘ਚ ਘੱਟੋ ਘੱਟ ਤਾਪਮਾਨ ਸੱਤ ਡਿਗਰੀ ਵਧ ਚੱਲ ਰਿਹਾ ਹੈ। ਮੈਦਾਨੀ ਇਲਾਕਿਆਂ ‘ਚ ਭਾਵੇਂ ਕੜਾਕੇ ਦੀ ਠੰਢ ਪੈ ਰਹੀ ਹੈ ਪਰ ਸ਼ਿਮਲਾ, ਕੁਫ਼ਰੀ, ਨਾਰਕੰਡਾ, ਚੈਲ, ਕਸੌਲੀ, ਧਰਮਸ਼ਾਲਾ, ਪਾਲਮਪੁਰ, ਡਲਹੌਜ਼ੀ ਅਤੇ ਮਨਾਲੀ ‘ਚ ਦਿਨ ਗਰਮ ਚੱਲ ਰਹੇ ਹਨ। ਇਕ ਸੈਲਾਨੀ ਨੈਨਾ ਸ਼ਰਮਾ ਨੇ ਕਿਹਾ ਕਿ ਉਹ ਚੰਡੀਗੜ੍ਹ ਦੀ ਸੰਘਣੀ ਧੁੰਦ ਤੋਂ ਬਚ ਕੇ ਸ਼ਿਮਲਾ ਦੀ ਨਿੱਘੀ ਧੁੱਪ ਦਾ ਆਨੰਦ ਮਾਣ ਰਹੀ ਹੈ। ਹਾਲਾਂਕਿ ਕੁੱਲੂ ਅਤੇ ਹੋਰ ਕਈ ਥਾਵਾਂ ‘ਤੇ ਠੰਢ ਕਾਰਨ ਕਈ ਪਾਣੀ ਵਾਲੇ ਸਰੋਤ ਜੰਮ ਗਏ ਹਨ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਸਮਾਨ ਸਾਫ਼ ਰਹਿਣ ਕਾਰਨ ਜ਼ਿਆਦਾਤਰ ਪਹਾੜੀ ਇਲਾਕਿਆਂ ‘ਚ ਵਧ ਤੋਂ ਵਧ ਅਤੇ ਘੱਟ ਤੋਂ ਘੱਟ ਤਾਪਮਾਨ ਔਸਤ ਤੋਂ ਜ਼ਿਆਦਾ ਚੱਲ ਰਿਹਾ ਹੈ। ਸ਼ਿਮਲਾ ‘ਚ ਘੱਟੋ ਘੱਟ ਤਾਪਾਮਾਨ 10.3 ਜਦਕਿ ਧਰਮਸ਼ਾਲਾ ‘ਚ 9.2 ਡਿਗਰੀ ਰਿਹਾ। ਉਧਰ ਅੰਮ੍ਰਿਤਸਰ ‘ਚ ਪਾਰਾ 7.8, ਲੁਧਿਆਣਾ ‘ਚ 6.8 ਅਤੇ ਹਿਸਾਰ ‘ਚ 3.7 ਡਿਗਰੀ ਸੈਲਸੀਅਸ ਦਰਜ ਹੋਇਆ। ਉਂਜ ਸ਼ਿਮਲਾ, ਧਰਮਸ਼ਾਲਾ ਅਤੇ ਮਨਾਲੀ ‘ਚ ਰਾਤ ਦਾ ਤਾਪਮਾਨ ਮੈਦਾਨੀ ਇਲਾਕਿਆਂ ਦੇ ਮੁਕਾਬਲੇ ‘ਚ ਵਧ ਰਿਹਾ। -ਆਈਏਐੱਨਐੱਸ
ਕਸ਼ਮੀਰ ‘ਚ ਬਰਫ਼ਬਾਰੀ ਨਾਲ ਸੀਤ ਲਹਿਰ ਤੋਂ ਰਾਹਤ
ਸ੍ਰੀਨਗਰ: ਪਹਾੜਾਂ ‘ਤੇ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ‘ਚ ਹਲਕੇ ਮੀਂਹ ਨੇ ਕਸ਼ਮੀਰ ‘ਚ ਸੀਤ ਲਹਿਰ ਤੋਂ ਕੁਝ ਰਾਹਤ ਦਿੱਤੀ ਹੈ। ਉਂਜ ਵਾਦੀ ਦੇ ਜ਼ਿਆਦਾਤਰ ਹਿੱਸਿਆਂ ‘ਚ ਘੱਟੋ ਘੱਟ ਪਾਰਾ ਜਮਾਅ ਬਿੰਦੂ ਦੇ ਕਰੀਬ ਰਿਹਾ। ਅਧਿਕਾਰੀਆਂ ਨੇ ਕਿਹਾ ਕਿ ਗੁਲਮਰਗ, ਸੋਨਮਰਗ-ਜ਼ੋਜਿਲਾ ਅਤੇ ਕੁਪਵਾੜਾ ‘ਚ ਮਛੀਲ ਵਰਗੇ ਪਹਾੜੀ ਇਲਾਕਿਆਂ ‘ਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪਹਾੜਾਂ ‘ਤੇ ਹੋਰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਜੰਮੂ ਦੇ ਮੈਦਾਨੀ ਇਲਾਕਿਆਂ ‘ਚ ਮੀਂਹ ਵੀ ਪੈ ਸਕਦਾ ਹੈ। ਮੰਗਲਵਾਰ ਨੂੰ ਬੱਦਲਵਾਈ ਬਣੀ ਰਹੇਗੀ ਜਦਕਿ ਬੁੱਧਵਾਰ ਨੂੰ ਬਰਫ਼ਬਾਰੀ ਅਤੇ ਮੀਂਹ ਪੈ ਸਕਦਾ ਹੈ। ਸ੍ਰੀਨਗਰ ‘ਚ ਐਤਵਾਰ ਰਾਤ ਨੂੰ ਪਾਰਾ 0.9 ਡਿਗਰੀ ਸੈਲਸੀਅਸ ਰਿਕਾਰਡ ਹੋਇਆ। ਕਾਜ਼ੀਗੁੰਡ ‘ਚ ਤਾਪਮਾਨ 0.2, ਕੋਕਰਨਾਗ ‘ਚ ਮਨਫ਼ੀ 0.5, ਕੁਪਵਾੜਾ ‘ਚ 0.7, ਪਹਿਲਗਾਮ ‘ਚ ਮਨਫ਼ੀ 0.7 ਅਤੇ ਗੁਲਮਰਗ ‘ਚ ਮਨਫ਼ੀ 2.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। -ਪੀਟੀਆਈ
ਮੌਸਮ ਦੀ ਮਾਰ ਹੇਠ ਰੇਲਾਂ ਤੇ ਜਹਾਜ਼
ਮੌਸਮ ਦੀ ਮਾਰ ਦਾ ਅਸਰ ਹਵਾਈ ਉਡਾਣਾਂ ਅਤੇ ਰੇਲ ਗੱਡੀਆਂ ‘ਤੇ ਦੇਖਣ ਨੂੰ ਵੀ ਮਿਲ ਰਿਹਾ ਹੈ। 267 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਜਿਨ੍ਹਾਂ ‘ਚੋਂ 82 ਐਕਸਪ੍ਰੈੱਸ ਅਤੇ 140 ਮੁਸਾਫ਼ਰ ਗੱਡੀਆਂ ਸ਼ਾਮਲ ਹਨ। ਸੰਘਣੀ ਧੁੰਦ ਕਾਰਨ ਪੰਜ ਉਡਾਣਾਂ ਦੇ ਰਾਹ ‘ਚ ਬਦਲਾਅ ਕਰਨਾ ਪਿਆ ਜਦਕਿ 30 ਨੇ ਦੇਰੀ ਨਾਲ ਉਡਾਣ ਭਰੀ।