ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਦਸੰਬਰ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ 101 ਸਾਲਾ ਸਥਾਪਨਾ ਦਿਹਾੜੇ ਨੂੰ ਸਮਰਪਿਤ ‘ਸ਼੍ਰੋਮਣੀ ਅਕਾਲੀ ਦਲ ਅਤੀਤ, ਵਰਤਮਾਨ ਅਤੇ ਭਵਿੱਖ’ ਵਿਸ਼ੇ ’ਤੇ ਅੱਜ ਇੱਥੇ ਇੱਕ ਸੈਮੀਨਾਰ ਕਰਵਾਇਆ ਗਿਆ। ਪ੍ਰਧਾਨਗੀ ਭਾਸ਼ਣ ’ਚ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਸ਼ਾਨਾਂਮੱਤਾ ਦੱਸਦਿਆਂ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਧਰਮ ਦਾ ਕੁੰਡਾ ਰਾਜਨੀਤੀ ਦੇ ਉੱਪਰ ਹੋਣਾ ਚਾਹੀਦਾ ਹੈ ਪਰ ਅਜੋਕੇ ਸਮੇਂ ਰਾਜਨੀਤੀ ਧਰਮ ’ਤੇ ਭਾਰੂ ਪੈ ਰਹੀ ਹੈ, ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਰੱਜ ਕੇ ਘਾਣ ਕਰ ਰਿਹਾ ਹੈ। ਇਸੇ ਕਰਕੇ ਉਨ੍ਹਾਂ ਨੇ ਬਾਦਲ ਦਲ ਤੋਂ ਕਿਨਾਰਾ ਕੀਤਾ ਹੈ। ਢੀਂਡਸਾ ਨੇ ਆਪਣੀ ਪਾਰਟੀ ਵੱਲੋਂ ਅਕਾਲੀ ਦਲ ਦੇ ਸਿਧਾਤਾਂ ’ਤੇ ਪਹਿਰਾ ਦੇਣ ਦਾ ਭਰੋਸਾ ਦਿੱਤਾ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਬਾਦਲ ਦਲ ਪਰਿਵਾਰਵਾਦ ਵਿੱਚ ਫਸ ਕੇ ਪੰਥਕ ਲੀਹਾਂ ਤੋਂ ਉਤਰ ਚੁੱਕਾ ਹੈ। ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਨੇ ਅਕਾਲੀ ਦਲ ਵਿੱਚ ਪਰਿਵਾਰਵਾਦ ਭਾਰੂ ਹੋਣ ਦੀ ਗੱਲ ਕੀਤੀ ਅਤੇ ਰਾਜਨੀਤੀ ਵਿੱਚ ਨਿੱਜ ਤੋਂ ਉੱਪਰ ਉਠ ਕੇ ਸਿਧਾਂਤਾਂ ’ਤੇ ਪਹਿਰਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋ. ਸੁਖਦਿਆਲ ਸਿੰਘ ਨੇ ਸਿੱਖ ਰਾਜ ਸਥਾਪਤੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੈਦਾ ਹੋਏ ਰਾਜਨੀਤਕ ਹਾਲਾਤ ਬਾਰੇ ਚਰਚਾ ਕੀਤੀ। ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ ਨੇ ਅਕਾਲੀ ਦਲ ਵਿੱਚ ਵੱਡੇ ਪੱਧਰ ’ਤੇ ਨਿਘਾਰ ਆਉਣ ਦੀ ਗੱਲ ਕੀਤੀ। ਡਾ.ਅਮਰਜੀਤ ਸਿੰਘ ਨੇ ਮੌਜੂਦਾ ਰਾਜਨੀਤੀਕ ਢਾਂਚੇ ਵਿੱਚ ਸਿੱਖ ਫਲਸਫੇ ਦੀ ਅਹਿਮੀਅਤ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਸੈਮੀਨਾਰ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੁਖਵੰਤ ਸਿੰਘ ਸਰਾਓ ਨੇ ਸੰਬੋਧਨ ਕੀਤਾ।