ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 16 ਮਾਰਚ
ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਕਟਿੰਗ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਅੱਜ ਇੱਥੇ ਮੀਡੀਆ ਕਾਨਫ਼ਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਕਾਂਗਰਸ ਸਰਕਾਰ ਸਮੇਂ ਲੋਕਾਂ ਨੂੰ 2-2 ਮਰਲੇ ਦੇ ਪਲਾਟਾਂ ਦੀਆਂ ਸਨਦਾਂ ਨੂੰ ਜਾਅਲੀ ਕਹਿਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਚਾਇਤਾਂ ਅਤੇ ਬਲਾਕ ਸਮਿਤੀਆਂ ਵੱਲੋਂ ਪਾਸ ਕੀਤੇ ਮਤੇ ਅਤੇ ਤਹਿਸੀਲਦਾਰ ਵੱਲੋਂ ਇਸ ਸਬੰਧੀ ਜਾਰੀ ਕੀਤੇ ਭਾਰ ਮੁਕਤ ਸਰਟੀਫ਼ੀਕੇਟ ਪੇਸ਼ ਕੀਤੇ। ਉਨ੍ਹਾਂ ਨੇ ਸ੍ਰੀ ਰਾਏ ਖ਼ਿਲਾਫ਼ ਦੋਸ਼ ਲਾਇਆ ਕਿ ਉਹ ਸਹੁੰ ਚੁੱਕਣ ਤੋਂ ਪਹਿਲਾਂ ਹੀ ਬਲਾਕ ਸਮਿਤੀ ਅਤੇ ਕੌਂਸਲ ਦਫ਼ਤਰ ਜਾ ਕੇ ਅਧਿਕਾਰੀਆਂ ਨੂੰ ਕਥਿਤ ਦਬਕੇ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਨਦਾਂ ਗ਼ਲਤ ਹੁੰਦੀਆਂ ਤਾਂ ਬੀਡੀਪੀਓ ਆਪਣੇ ਦਸਤਖ਼ਤਾਂ ਹੇਠ ਪੱਤਰ ਲਿਖ ਕੇ ਤਹਿਸੀਲਦਾਰ ਪਾਸੋਂ ਇਨ੍ਹਾਂ ਪਲਾਟਾਂ ਦੇ ਭਾਰ ਮੁਕਤ ਸਰਟੀਫਿਕੇਟ ਹਾਸਲ ਨਾ ਕਰਦਾ। ਉਨ੍ਹਾਂ ਵਿਧਾਇਕ ’ਤੇ ਮੂਲੇਪੁਰ ਦੀ ਸ਼ਾਮਲਾਤ ਜ਼ਮੀਨ ਕਈ ਸਾਲ ਕਥਿਤ ਤੌਰ ’ਤੇ ਦੱਬ ਕੇ ਰੱਖਣ ਅਤੇ ਸੁਪਰੀਮ ਕੋਰਟ ਰਾਹੀਂ ਛੁਡਵਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਇਸ ਦੇ ਠੇਕੇ ’ਤੇ ਪੈਸੇ ਵੀ ਕਥਿਤ ਤੌਰ ’ਤੇ ਜਮ੍ਹਾਂ ਨਹੀਂ ਕਰਵਾਏ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਿਧਾਇਕ ਨੇ ਪੈਸੇ ਜਮ੍ਹਾਂ ਨਾ ਕਰਵਾਏ ਤਾਂ ਵਿਧਾਨ ਸਭਾ ਵਿਚ ਜਿੱਥੇ ਕਾਂਗਰਸ ਮੁੱਦਾ ਉਠਾਵੇਗੀ, ਉੱਥੇ ਹਾਈ ਕੋਰਟ ਵਿੱਚ ਵੀ ਕੇਸ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਬਹਿਲੋਲਪੁਰ ਪਿੰਡ ਦੇ ਮੱਛੀ ਫ਼ਾਰਮ ਲਈ ਜ਼ਮੀਨ ਅਤੇ ਬਿਜਲੀ ਦੀ ਮੋਟਰ ਦਾ ਵੀ ਬਕਾਇਆ ਸ੍ਰੀ ਰਾਏ ਵੱਲ ਕਥਿਤ ਤੌਰ ’ਤੇ ਖੜ੍ਹਾ ਹੈ।
ਸਬੂਤਾਂ ਦੇ ਆਧਾਰ ’ਤੇ ਹੀ ਦੋਸ਼ ਲਾਏ: ਵਿਧਾਇਕ ਲਖਵੀਰ ਸਿੰਘ ਰਾਏ
ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਸਬੂਤਾਂ ਦੇ ਆਧਾਰ ’ਤੇ ਹੀ ਦੋਸ਼ ਲਾਏ ਹਨ। ਸ੍ਰੀ ਨਾਗਰਾ ਵੱਲੋਂ ਲਗਾਏ ਦੋਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੈਂ ਜਾਂ ਮੇਰੇ ਕਿਸੇ ਸਾਥੀ ਨੇ ਗ਼ਲਤ ਕੰਮ ਕੀਤਾ ਹੁੰਦਾ ਤਾਂ ਸ੍ਰੀ ਨਾਗਰਾ ਵਿਧਾਇਕ ਹੁੰਦੇ ਹੋਏ ਕਾਰਵਾਈ ਕਰ ਸਕਦੇ ਸਨ ਪਰ ਹੁਣ ਬੌਖਲਾਹਟ ਦਾ ਸ਼ਿਕਾਰ ਹੋ ਕੇ ਅਜਿਹੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਗ਼ਰੀਬਾਂ ਨੂੰ ਦੋ ਨਹੀਂ ਸਗੋਂ 5-5 ਮਰਲੇ ਦੀਆਂ ਸਹੀ ਸਨਦਾਂ ਜਾਰੀ ਕਰੇਗੀ।