ਰਾਜੀਵ ਤਨੇਜਾ
ਮੁਹਾਲੀ, 14 ਮਾਰਚ
ਨਿਊ ਚੰਡੀਗੜ੍ਹ, ਮੁੱਲਾਂਪੁਰ, ਮੁਹਾਲੀ ਵਿੱਚਲੇ ਓਮੈਕਸ ਬਿਲਡਰ ਦੇ ਦਫ਼ਤਰਾਂ ’ਤੇ ਆਮਦਨ ਕਰ ਵਿਭਾਗ ਨੇ ਸੋਮਵਾਰ ਨੂੰ ਛਾਪੇ ਮਾਰੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ ਮੁਲਕ ਵਿੱਚ ਦਰਜਨਾਂ ਹੋਰਨਾਂ ਥਾਵਾਂ ’ਤੇ ਵੀ ਤਲਾਸ਼ੀ ਦੀ ਜਾਣਕਾਰੀ ਮਿਲੀ ਹੈ। ਮੁਹਾਲੀ ਦੇ ਨਿਊ ਚੰਡੀਗੜ੍ਹ ਸਥਿਤ ਓਮੈਕਸ ਸਿਟੀ ਵਿੱਚ ਓਮੈਕਸ ਇੰਟਰਨੈਸ਼ਨਲ ਟਰੇਡ ਟਾਵਰ ਵਿੱਚ ਸਵੇਰੇ ਹੀ ਆਮਦਨ ਕਰ ਵਿਭਾਗ ਦੀ ਟੀਮ ਤੇ ਸੀਆਰਪੀਐਫ ਜਵਾਨ ਪੁੱਜ ਗਏ। ਅਧਿਕਾਰੀਆਂ ਨੇ ਸਟਾਫ ਮੈਂਬਰਾਂ ਦੇ ਫੋਨ ਲੈ ਲਏ ਤੇ ਪੁਛਗਿਛ ਮਗਰੋਂ ਦੁਪਹਿਰੇ ਕੁਝ ਮੁਲਾਜ਼ਮਾਂ ਨੂੰ ਬਾਹਰ ਭੇਜ ਜਾਣ ਦਿੱਤਾ। ਕੁਝ ਸਟਾਫ ਮੈਂਬਰਾਂ ਤੋਂ ਹਾਲੇ ਵੀ ਪੁਛਗਿਛ ਕੀਤੀ ਜਾ ਰਹੀ ਹੈ। ਆਈਟੀ ਦੀਆਂ ਟੀਮਾਂ ਨੇ ਰੀਅਲ ਅਸਟੇਟ ਕਾਰੋਬਾਰੀ ਓਮੈਕਸ ਗਰੁੱਪ ਦੇ ਦਿੱਲੀ, ਉੱਤਰਪ੍ਰਦੇਸ਼, ਹਰਿਆਣਾ ਅਤੇ ਪੰਜਾਬ ਸਮੇਤ ਮੁਲਕ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ। ਇਸ ਗਰੁੱਪ ’ਤੇ ਟੈਕਸ ਚੋਰੀ ਦਾ ਦੋਸ਼ ਹੈ।