ਪੱਤਰ ਪ੍ਰੇਰਕ
ਚੰਡੀਗੜ੍ਹ, 2 ਅਗਸਤ
ਪੰਜਾਬ ਲਘੂ ਉਦਯੋਗ ਐਂਡ ਨਿਰਯਾਤ ਨਿਗਮ (ਪੀਐਸਆਈਈਸੀ ਸਟਾਫ਼ ਐਸੋਸੀਏਸ਼ਨ) ਨੂੰ ਬੀਤੇ ਦਿਨੀਂ ਉਦਯੋਗ ਭਵਨ ਸੈਕਟਰ-17 ਚੰਡੀਗੜ੍ਹ ਵਿਚ ਤੀਆਂ ਮਨਾਉਣੀਆਂ ਉਦੋਂ ਮਹਿੰਗੀਆਂ ਪੈ ਗਈਆਂ ਜਦੋਂ ਨਿਗਮ ਦੇ ਉੱਚ ਅਧਿਕਾਰੀਆਂ ਵੱਲੋਂ ਅੱਜ ਯੂਨੀਅਨ ਆਗੂਆਂ ਦੇ ਤਬਾਦਲੇ ਦੂਰ-ਦੁਰੇਡੇ ਦੇ ਸਟੇਸ਼ਨਾਂ ’ਤੇ ਕਰ ਦਿੱਤੇ ਗਏ ਤੇ ਯੂਨੀਅਨ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਇਨ੍ਹਾਂ ਤਬਾਦਲਿਆਂ ਦੇ ਹੁਕਮਾਂ ਦਾ ਅੱਜ ਯੂਨੀਅਨ ਵੱਲੋਂ ਉਦਯੋਗ ਭਵਨ ’ਚ ਵਿਰੋਧ ਕੀਤਾ ਗਿਆ ਤੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜਨਰਲ ਸਕੱਤਰ ਤਾਰਾ ਸਿੰਘ ਨੇ ਦੱਸਿਆ ਕਿ ਐਮਡੀ ਦੀ ਮਨਜ਼ੂਰੀ ਤੋਂ ਬਾਅਦ ਹੀ ਤੀਆਂ ਮਨਾਈਆਂ ਗਈਆਂ ਸਨ ਪਰ ਸਮਾਗਮ ਤੋਂ ਬਾਅਦ ਐਮਡੀ ਨੇ ਜਥੇਬੰਦੀ ਦੇ ਆਗੂਆਂ ਨੂੰ ਬੁਲਾ ਕੇ ਬਦਲੀਆਂ ਦੀਆਂ ਧਮਕੀਆਂ ਦਿੱਤੀਆਂ।